01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦਾ ਅਸਤੀਫ਼ਾ ਜਨਤਕ ਨਾ ਹੋਣ ਵਿਰੁੱਧ ਦਰਜਨ ਭਰ ਕੌਂਸਲਰਾਂ ਵਲੋਂ ਸਮੂਹਿਕ ਅਸਤੀਫ਼ਾ

ਅਜੀਤ ਡੈਸਕ 05-11-2025
ਨਾਭਾ, 4 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਵਿਖੇ ਸਿਆਸੀ ਸਥਿਤੀ ਉਸ ਸਮੇਂ ਦਿਲਚਸਪ ਹੋ ਗਈ ਜਦੋਂ ਇਕ ਦਰਜਨ ਦੇ ਕਰੀਬ ਕੌਂਸਲਰਾਂ ਨੇ ਆਪਣਾ ਸਮੂਹਿਕ ਅਸਤੀਫ਼ਾ ਹਲਕਾ ਵਿਧਾਇਕ ਦੇਵ ਮਾਨ ਨੂੰ ਸੌਂਪ ਦਿੱਤਾ | ਕੌਂਸਲਰਾਂ ਦੇ ਸਮੂਹਿਕ ਅਸਤੀਫ਼ੇ ਦਾ ਕਾਰਨ ਨਾਭਾ ਕੌਂਸਲ ਦੀ ਮਹਿਲਾ ਪ੍ਰਧਾਨ ਸੁਜਾਤਾ ਚਾਵਲਾ ਵਲੋਂ ਵਿਧਾਇਕ ਨੂੰ ਸੌਂਪੇ ਅਸਤੀਫ਼ੇ ਦੇ ਜਨਤਕ ਨਾ ਕੀਤੇ ਜਾਣ ਵਿਰੁੱਧ ਸੀ | ਸਮੂਹਿਕ ਅਸਤੀਫ਼ਾ ਸੌਂਪਣ ਬਾਅਦ ਉਪਰੋਕਤ ਕਾਰਵਾਈ ਦੀ ਵਿਧਾਇਕ ਦਫ਼ਤਰ ਬਾਹਰ ਪੁਸ਼ਟੀ ਕਰਦਿਆਂ ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਅਤੇ ਸਾਬਕਾ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ ਆਦਿ ਕੌਂਸਲਰਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦੇ ਮੁੱਦੇ ਨਾਲ ਨਾਭਾ ਦੇ ਸਿਆਸੀ ਆਗੂ ਦਾ ਨਾਮ ਜੁੜਨ ਕਾਰਨ ਹਲਕਾ ਨਾਭਾ ਪਹਿਲਾਂ ਹੀ ਬਦਨਾਮੀ ਝੱਲ ਰਿਹਾ ਹੈ | ਤਤਕਾਲੀਨ ਸਮੇਂ ਟਰਾਲੀ ਚੋਰੀ ਅਤੇ ਬਰਾਮਦਗੀ ਦੇ ਮਾਮਲੇ ਨਾਲ ਆਪਣੇ ਪਤੀ ਪੰਕਜ ਪੱਪੂ ਦੇ ਨਾਮ ਜੁੜਨ ਕਾਰਨ ਅਤੇ ਸਿਆਸੀ ਮਾਹੌਲ ਵਿਗੜਦਿਆਂ ਦੇਖ ਨਗਰ ਕੌਂਸਲ ਦੀ ਮਹਿਲਾ ਪ੍ਰਧਾਨ ਸੁਜਾਤਾ ਚਾਵਲਾ ਲੰਮੀ ਛੁੱਟੀ 'ਤੇ ਚਲੇ ਗਏ ਸਨ | ਮਾਮਲੇ ਵਿਚ ਪੰਕਜ ਪੱਪੂ ਦਾ ਨਾਂਅ ਸ਼ਾਮਿਲ ਹੋਣ ਕਰਕੇ ਉਸ ਦੀ ਧਰਮ ਪਤਨੀ ਅਤੇ ਨਾਭਾ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਖ਼ਿਲਾਫ਼ ਕੌਂਸਲਰਾਂ ਵਲੋਂ ਬੇਭਰੋਸਗੀ ਮਤਾ ਪਾਉਣ ਬਾਅਦ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਅਸਤੀਫ਼ੇ ਦੀ ਪ੍ਰਾਪਤੀ ਸੰਬੰਧੀ ਵਿਧਾਇਕ ਵਲੋਂ ਐਲਾਨ ਕੀਤਾ ਗਿਆ ਸੀ | ਮਜੇ ਦੀ ਗੱਲ ਹੈ ਕਿ ਨਾ ਹੀ ਅਸਤੀਫ਼ਾ ਪ੍ਰਵਾਨਗੀ ਲਈ ਵਿਭਾਗ ਨੂੰ ਭੇਜਿਆ ਗਿਆ ਅਤੇ ਨਾ ਹੀ ਇਸ ਨੂੰ ਜਨਤਕ ਕੀਤਾ ਗਿਆ | ਉਲਟਾ ਕੌਂਸਲਰਾਂ ਦੇ ਪਾਏ ਬੇਭਰੋਸਗੀ ਮਤੇ ਨੂੰ ਵਾਪਸ ਕਰਵਾ ਕੇ ਕੌਂਸਲ ਦੀ ਵਾਗਡੋਰ ਕਾਰਜਕਾਰੀ ਪ੍ਰਧਾਨ ਵਜੋਂ ਕੌਂਸਲਰ ਅਮਰਜੀਤ ਕੌਰ ਸਾਹਨੀ ਨੂੰ ਸੌਂਪ ਦਿੱਤੀ ਗਈ | ਅੱਜ ਅਸਤੀਫ਼ੇ ਸੌਂਪਣ ਵਾਲੇ ਕੌਂਸਲਰਾਂ ਵਿਚ ਮੌਜੂਦਾ ਕੌਂਸਲਰ ਗੁਰਸੇਵਕ ਸਿੰਘ ਗੋਲੂ, ਹਰਪ੍ਰੀਤ ਸਿੰਘ ਪ੍ਰੀਤ, ਕਿ੍ਸ਼ਨ ਕੁਮਾਰ ਆਦਿ ਨਾਲ ਜੀ.ਐਸ. ਭੱਟੀ, ਮਾਨਟੂ ਪਹੁਜਾ, ਹਰਮੇਸ਼ ਮੇਸੀ ਅਤੇ ਦੀਪਕ ਨਾਗਪਾਲ ਆਦਿ ਮੌਜੂਦਾ ਮਹਿਲਾ ਕੌਂਸਲਰਾਂ ਦੇ ਪਤੀ ਵੀ ਮੌਜੂਦ ਰਹੇ |
ਜਸਦੀਪ ਸਿੰਘ ਖੰਨਾ ਬਣੇ ਸਭ ਤੋਂ ਛੋਟੀ ਉਮਰ ਦੇ ਕੌਂਸਲ ਕਾਰਜਕਾਰੀ ਪ੍ਰਧਾਨ
ਨਾਭਾ ਨਗਰ ਕੌਂਸਲ ਵਿੱਚ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਜਸਦੀਪ ਸਿੰਘ ਖੰਨਾ ਨੂੰ ਦੇਰ ਸ਼ਾਮ ਬਦਲੇ ਨਾਟਕੀ ਘਟਨਾ ਕ੍ਰਮ ਬਾਅਦ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਹੈ | ਉਨ੍ਹਾਂ ਦੀ ਤਾਜਪੋਸ਼ੀ ਕਰਦਿਆਂ ਵਿਧਾਇਕ ਦੇਵ ਮਾਨ ਨੇ ਸਾਬਕਾ ਕੌਂਸਲ ਪ੍ਰਧਾਨ ਸਜਾਤਾ ਚਾਵਲਾ ਦਾ ਅਸਤੀਫ਼ਾ ਆਪਣੀ ਜੇਬ ਵਿਚ ਹੋਣ ਦਾ ਦਾਅਵਾ ਕਰਕੇ ਕਿਹਾ ਕਿ ਲੋਕਾਂ ਨੇ ਸਾਨੂੰ ਚੁਣਿਆ ਹੈ ਅਤੇ ਸਾਨੂੰ ਪਤਾ ਹੈ ਕਿ ਅਸੀਂ ਕਿਵੇਂ ਸਰਕਾਰ ਚਲਾਉਣੀ ਹੁੰਦੀ ਹੈ | ਇਸ ਮੌਕੇ ਸਾਬਕਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਅਮਰਦੀਪ ਸਿੰਘ ਖੰਨਾ, ਕਾਰਜ ਸਾਧਕ ਅਫ਼ਸਰ ਗੁਰਚਰਨ ਸਿੰਘ ਗਿੱਲ ਆਦਿ ਅਤੇ ਕੌਂਸਲ ਕਰਮਚਾਰੀ ਮੌਜੂਦ ਰਹੇ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਗਲੈਮਰ ਦੀ ਦੁਨੀਆ ਛੱਡ ਕੇ ਗੁਰੂਆਂ ਦੇ ਵਿਰਸੇ ਨੂੰ ਅਪਣਾਵੇ- ਕਿ੍ਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।