ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਟਿਆਲਾ-1 ਦੀ ਮੀਟਿੰਗ ਬਲਾਕ ਪ੍ਰਧਾਨ ਜਗਰੂਪ ਸਿੰਘ ਜੁਪੀ ਦੀ ਪ੍ਰਧਾਨਗੀ ਹੇਠ ਪਿੰਡ ਫ਼ਤਿਹਪੁਰ ਦੇ ਗੁਰਦੁਆਰਾ ਸਾਹਿਬ 'ਚ ਹੋਈ | ਇਸ ਮੀਟਿੰਗ 'ਚ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਡਾ. ਦਰਸ਼ਨਪਾਲ ਨੇ 26 ਨਵੰਬਰ ਨੂੰ ਚੰਡੀਗੜ੍ਹ 'ਚ ਹੋਣ ਵਾਲੀ ਵੱਡੀ ਕਿਸਾਨ ਰੈਲੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਜਗਰੂਪ ਸਿੰਘ ਜੁਪੀ ਨੇ ਭਰੋਸਾ ਦਿਵਾਇਆ ਕਿ ਬਲਾਕ ਪਟਿਆਲਾ-1 ਵਲੋਂ ਵੱਧ ਤੋਂ ਵੱਧ ਗਿਣਤੀ 'ਚ ਕਿਸਾਨ ਰੈਲੀ ਲਈ ਚੰਡੀਗੜ੍ਹ ਪਹੁੰਚਣਗੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਲਾਕ ਦੀ ਬੱਸ ਪ੍ਰਮੇਸ਼ਵਰ ਦੁਆਰ ਤੋਂ ਸਵੇਰੇ 9 ਵਜੇ ਬਿਲਕੁਲ ਸਮੇਂ 'ਤੇ ਰਵਾਨਾ ਹੋਵੇਗੀ | ਮੀਟਿੰਗ 'ਚ ਨਵੇ ਜਰਨਲ ਸਕੱਤਰ ਵਜੋਂ ਕਰਮਜੀਤ ਸਿੰਘ ਸੋਹੀ (ਪਹਾੜਪੁਰ) ਦੀ ਚੋਣ ਕੀਤੀ ਗਈ | ਇਸ ਦੇ ਨਾਲ ਹੀ ਡਾ. ਦਰਸ਼ਨਪਾਲ ਨੇ ਜਾਣਕਾਰੀ ਦਿੱਤੀ ਕਿ 16 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਅਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਵਿਸ਼ਾਲ ਕਿਸਾਨ ਕਾਨਫ਼ਰੰਸ ਪੁੱਡਾ ਗਰਾਊਾਡ, ਪਟਿਆਲਾ ਵਿਚ ਕਰਵਾਇਆ ਜਾਵੇਗੀ | ਅੰਤ 'ਚ ਜ਼ਿਲ੍ਹਾ ਜਰਨਲ ਸਕੱਤਰ ਅਵਤਾਰ ਸਿੰਘ ਕੌਰਜੀਵਲਾ ਅਤੇ ਬਲਾਕ ਪ੍ਰਧਾਨ ਜਗਰੂਪ ਸਿੰਘ ਜੁਪੀ ਨੇ 4 ਦਸੰਬਰ ਨੂੰ ਗੁਰਦੁਆਰਾ ਦੂਖਨਿਵਾਰਨ ਸਾਹਿਬ, ਪਟਿਆਲਾ ਵਿਚ ਹੋਣ ਵਾਲੀ ਜ਼ਿਲ੍ਹਾ ਮੀਟਿੰਗ ਲਈ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਮੀਟਿੰਗ 'ਚ ਸ਼ਿੰਗਾਰਾ ਸਿੰਘ ਫ਼ਤਿਹਪੁਰ, ਕਰਮਜੀਤ ਸਿੰਘ, ਜਗਦੀਪ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਨਿਰਭੈ ਸਿੰਘ, ਨਿਰਲਮ ਸਿੰਘ, ਭਗਵਾਨ ਸਿੰਘ ਆਦਿ ਸ਼ਾਮਲ ਸਨ |