ਪਟਿਆਲਾ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਵਿਦਿਆਰਥੀਆਂ ਵਿਚ ਸਿੱਖੀ ਪ੍ਰਤੀ ਚੇਤਨਾ ਪੈਦਾ ਕਰਨ ਤੇ ਨੌਜਵਾਨਾਂ ਨੂੰ 'ਖਾਲਸਾ ਮੇਰੋ ਰੂਪ ਹੈ ਖਾਸ' ਦੇ ਸਿਧਾਂਤ ਤੋਂ ਜਾਣੂ ਕਰਵਾਉਣ ਲਈ ਚਾਰ ਦਿਨਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਦਸਤਾਰ ਸਿੱਖਣ ਦੇ ਚਾਹਵਾਨ ਅਧਿਆਪਕ, ਵਿਦਿਆਰਥੀ ਅਤੇ ਕਰਮਚਾਰੀ ਵਰਗ ਨੇ ਦਸਤਾਰ ਸਿਖਲਾਈ ਕੈਂਪ ਵਿਚ ਭਾਗ ਲਿਆ | ਦਸਤਾਰ ਸਿਖਲਾਈ ਕੈਂਪ ਦੇ ਨਾਲ ਨਾਲ ਫੈਡਰੇਸ਼ਨ ਵਲੋਂ ਸੰਗਤ ਲਈ ਗੁਰੂ ਕਾ ਲੰਗਰ, ਚਾਹ ਦਾ ਲੰਗਰ ਅਤੇ ਸ਼ਰਦਾਈ ਦੇ ਅਟੁੱਟ ਲੰਗਰ ਲਗਾਏ ਗਏ | ਇਸ ਕੈਂਪ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਫੈਡਰੇਸ਼ਨ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸਿੱਖ ਵਿਰਾਸਤ ਅਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ | ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨਾਂ ਵਿਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਵਿਰਾਸਤ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ | ਇਸ ਤੋਂ ਇਲਾਵਾ ਕੈਂਪ ਦੌਰਾਨ ਪ੍ਰੋ. ਪਰਮਵੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਲੋਂ ਡਾ. ਗੁੰਜਨਜੋਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਭੀਮਇੰਦਰ ਸਿੰਘ ਨੇ ਵਿਸ਼ੇਸ਼ ਹਾਜ਼ਰੀ ਲਗਵਾਈ | ਕੈਂਪ ਵਿਚ ਫੈਡਰੇਸ਼ਨ ਦੇ ਸਿੰਘਾਂ ਦੇ ਨਾਲ ਵਿਦਿਆਰਥੀਆਂ ਨੇ ਵੀ ਸੇਵਾ ਨਿਭਾਈ | ਕੈਂਪਸ ਇੰਚਾਰਜ ਨਿਰਮਲਜੀਤ ਸਿੰਘ, ਪ੍ਰਧਾਨ ਮਨਦੀਪ ਸਿੰਘ ਨੇ ਬੱਚਿਆਂ ਨੂੰ ਸਿੱਖੀ ਨਾਲ ਜੁੜਨ ਅਤੇ ਆਪਣਾ ਅਸਲ ਵਿਰਸਾ ਸਾਂਭਣ ਦਾ ਸੰਦੇਸ਼ ਦਿੱਤਾ | ਕੈਂਪ ਵਿਚ ਪ੍ਰਦੀਪ ਸਿੰਘ, ਯੁਵਰਾਜ ਸਿੰਘ, ਗਗਨਦੀਪ ਸਿੰਘ, ਤਰਨਵੀਰ ਸਿੰਘ ਨੇ ਬਤੌਰ ਦਸਤਾਰ ਕੋਚ ਵਜੋਂ ਸੇਵਾ ਨਿਭਾਈ | ਚਾਰੇ ਦਿਨ ਯੂ.ਐੱਸ.ਐੱਸ.ਐੱਫ. ਖਾਲਸਾ ਕਾਲਜ ਦੇ ਯੂਨਿਟ ਅਤੇ ਸ਼ਹੀਦ ਬੀਬੀ ਉਪਕਾਰ ਕੌਰ ਗਰਲਜ਼ ਵਿੰਗ ਵੱਲੋਂ ਤਨ ਮਨ ਧਨ ਨਾਲ ਸੇਵਾ ਨਿਭਾਈ | ਇਸ ਸਮੇਂ ਕੁਲਵਿੰਦਰ ਸਿੰਘ ਬਿੱਲਾ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦੌਲਤਪ੍ਰੀਤ ਸਿੰਘ, ਐਸ਼ਵੀਰ ਸਿੰਘ, ਜੁਗਰਾਜ ਸਿੰਘ ਘੁੰਮਣ, ਜਸਕਰਨ ਸਿੰਘ, ਅਰਸ਼ਦੀਪ ਸਿੰਘ, ਗੁਰਸੰਗਤ ਸਿੰਘ, ਅੰਮਿ੍ਤਪਾਲ ਸਿੰਘ, ਬਲਵਿੰਦਰ ਸਿੰਘ, ਜਸਨੂਰ ਸਿੰਘ, ਇੰਦਰਵੀਰ ਸਿੰਘ, ਜਸਪ੍ਰੀਤ ਸਿੰਘ, ਕਰਮਨਪ੍ਰੀਤ ਕੌਰ, ਰਾਜਵੀਰ ਕੌਰ, ਸਤਨਾਮ ਕੌਰ ਤੇ ਪ੍ਰਭਜੋਤ ਕੌਰ ਆਦਿ ਸਮੇਤ ਸੈਂਕੜੇ ਵਿਦਿਆਰਥੀ ਹਾਜ਼ਰ ਸਨ |