ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਖ਼ਾਦਾਂ ਦੀ ਸੁਚੱਜੀ ਵਰਤੋਂ ਲਈ ਸਾਉਣੀ 2025 ਸੀਜ਼ਨ ਦੌਰਾਨ ਚਲਾਈ ਜਾ ਰਹੀ ਮਿੱਟੀ ਪਰਖ ਮੁਹਿੰਮ ਤਹਿਤ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਭੁੱਲਰ ਤੇ ਹੋਰ ਪਿੰਡਾਂ ਵਿਖੇ ਮਿੱਟੀ ਦੇ ਸੈਂਪਲ ਇਕੱਤਰ ਕਰਵਾਏ ਗਏ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ | ਖ਼ਾਦਾਂ ਦੀ ਦੁਰਵਰਤੋਂ ਨਾਲ ਨਾ ਕੇਵਲ ਭੂਮੀ ਤੇ ਫ਼ਸਲਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ, ਸਗੋਂ ਵਾਤਾਵਰਨ ਤੇ ਪਾਣੀ ਵੀ ਦੂਸ਼ਿਤ ਹੁੰਦਾ ਹੈ | ਮਿੱਟੀ ਪਰਖ ਤੋਂ ਜ਼ਮੀਨ ਦੀ ਉਪਜਾਊ ਸ਼ਕਤੀ, ਖਾਰੀ ਅੰਗ, ਜੈਵਿਕ ਕਾਰਬਨ ਤੇ ਜ਼ਰੂਰੀ ਤੱਤਾਂ ਦੀ ਉਪਲਬਧਤਾ ਦਾ ਪਤਾ ਲੱਗਦਾ ਹੈ, ਜਿਸ ਅਨੁਸਾਰ ਖ਼ਾਦਾਂ ਦੀ ਲੋੜ ਅਨੁਸਾਰ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੂੰ ਸਾਲ ਦੌਰਾਨ 14,000 ਮਿੱਟੀ ਦੇ ਸੈਂਪਲ ਇਕੱਤਰ ਕਰਨ ਦਾ ਟੀਚਾ ਪ੍ਰਾਪਤ ਹੋਇਆ ਹੈ ਅਤੇ ਇਸ ਸੀਜ਼ਨ ਦੌਰਾਨ ਖੇਤੀਬਾੜੀ ਵਿਭਾਗ ਵਲੋਂ 6,500 ਸੈਂਪਲ ਇਕੱਤਰ ਕਰਨ ਉਪਰੰਤ ਮਿੱਟੀ ਪਰਖ ਪ੍ਰਯੋਗਸ਼ਾਲਾ ਵਿਚ ਸੈਂਪਲ ਟੈੱਸਟ ਕਰਨ ਲਈ ਭੇਜੇ ਜਾਣਗੇ, ਜਿਸ ਉਪਰੰਤ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਜਾਰੀ ਕੀਤੇ ਜਾਣਗੇ | ਇਸ ਕਾਰਡ ਦੇ ਅਨੁਸਾਰ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਲੋੜ ਅਨੁਸਾਰ ਖ਼ਾਦ ਦੀ ਵਰਤੋਂ ਕੀਤੀ ਜਾਵੇਗੀ | ਇਸ ਨਾਲ ਕਿਸਾਨਾਂ ਦੇ ਖੇਤੀ ਖ਼ਰਚੇ ਘਟਣਗੇ ਅਤੇ ਆਮਦਨ ਵਿਚ ਵਾਧਾ ਹੋਵੇਗਾ | ਮਿੱਟੀ ਦਾ ਸੈਂਪਲ ਇਕੱਤਰ ਕਰਨ ਉਪਰੰਤ ਸੰਬੰਧਿਤ ਕਿਸਾਨ ਜ਼ਿਲ੍ਹੇ ਅੰਦਰ ਸਥਿਤ ਭੌਂ ਪਰਖ ਪ੍ਰਯੋਗਸ਼ਾਲਾ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਵਿਖੇ ਆਪਣੇ ਸੈਂਪਲ ਜਮ੍ਹਾਂ ਕਰਵਾ ਸਕਦੇ ਹਨ ਅਤੇ ਰਿਪੋਰਟ ਕਾਰਡ ਹਾਸਿਲ ਕਰ ਸਕਦੇ ਹਨ | ਇਸ ਮੌਕੇ ਬਲਾਕ ਪੱਧਰ 'ਤੇ ਡਾ. ਕਰਨਜੀਤ ਸਿੰਘ ਪੀ.ਡੀ. (ਆਤਮਾ), ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਸ਼ਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਹਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |