ਮਲੋਟ, 19 ਜੂਨ (ਅਜਮੇਰ ਸਿੰਘ ਬਰਾੜ)-ਥਾਣਾ ਸਦਰ ਮਲੋਟ ਵਿਚ ਪੈਂਦੇ ਪਿੰਡ ਕਟੋਰੇਵਾਲਾ ਵਿਖੇ ਅਗਵਾ ਕੀਤੇ 29 ਸਾਲਾ ਨੌਜਵਾਨ ਰਣਜੀਤ ਸਿੰਘ ਨੂੰ ਪੁਲਿਸ ਨੇ ਉਨ੍ਹਾਂ ਲੋਕਾਂ ਤੋਂ ਛੁਡਵਾ ਲਿਆ ਹੈ, ਜੋ 16 ਜੂਨ ਦੀ ਰਾਤ ਨੂੰ ਕਾਲੇ ਰੰਗ ਦੀ ਸਕੋਰਪੀਓ 'ਚ ਉਸ ਨੂੰ ਲੈ ਗਏ ਸਨ | ਇਸ ਸੰਬੰਧੀ ਮਲੋਟ ਦੇ ਡੀ.ਐੱਸ.ਪੀ. ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕੀਤੀ ਕਿ 16 ਜੂਨ ਨੂੰ ਕਟੋਰੇਵਾਲਾ ਪਿੰਡ ਦੇ ਨੌਜਵਾਨ ਰਣਜੀਤ ਸਿੰਘ ਨੂੰ ਕਾਲੀ ਸਕੋਰਪੀਓ ਗੱਡੀ ਵਿਚ ਜੋ ਛੇ ਨੌਜਵਾਨ ਲਏ ਗਏ ਸਨ, ਉਨ੍ਹਾਂ ਦੀ ਪਛਾਣ ਕਰਨ ਲਈ ਗਈ ਹੈ ਅਤੇ ਇਸ ਸੰਬੰਧੀ ਥਾਣਾ ਸਦਰ ਮਲੋਟ ਵਿਖੇ ਐੱਫ਼.ਆਈ.ਆਰ. ਦਰਜ ਕਰਕੇ ਥਾਣਾ ਸਦਰ ਮਲੋਟ ਤੋਂ ਇਲਾਵਾ ਥਾਣਾ ਸਿਟੀ ਮਲੋਟ ਤੇ ਸੀ.ਆਈ.ਏ. ਸਟਾਫ਼ ਨੇ ਰਲ ਕੇ ਰਣਜੀਤ ਸਿੰਘ ਨੂੰ ਲਿਜਾਣ ਵਾਲੀ ਕਾਲੇ ਰੰਗ ਦੀ ਸਕਾਰਪੀਓ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ ਰਣਜੀਤ ਸਿੰਘ ਨੂੰ ਵੀ ਵਾਪਸ ਲਿਆਂਦਾ ਗਿਆ ਹੈ | ਡੀ.ਐੱਸ.ਪੀ. ਨੇ ਦੱਸਿਆ ਕਿ ਮਾਮਲਾ ਦੋਵਾਂ ਧਿਰਾਂ ਦਾ ਆਪਸ ਵਿਚ ਲੈਣ-ਦੇਣ ਦਾ ਹੈ | ਰਣਜੀਤ ਸਿੰਘ ਗੱਡੀਆਂ ਦੀ ਖ਼ਰੀਦ ਤੇ ਵੇਚਣ ਦਾ ਕੰਮ ਕਰਦਾ ਸੀ ਅਤੇ ਉਸ ਨੇ ਸੰਬੰਧਿਤ ਧਿਰ ਦੇ ਸਾਢੇ 7 ਲੱਖ ਰੁਪਏ ਦੇਣੇ ਸਨ, ਜੋ ਕਿ ਉਹ ਟਾਲ-ਮਟੋਲ ਕਰ ਰਿਹਾ ਸੀ ਜਿਸ ਕਰਕੇ ਅਜਿਹੀ ਘਟਨਾ ਵਾਪਰੀ | ਡੀ.ਐੱਸ.ਪੀ. ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਫ਼ਿਰੌਤੀ ਮੰਗਦੇ ਸਨ | ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੂੰ ਲਿਜਾਣ ਵਾਲੇ ਛੇ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਫ਼ੜ੍ਹ ਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ |