ਬਰਗਾੜੀ, 19 ਜੂਨ (ਸੁਖਰਾਜ ਸਿੰਘ ਗੋਂਦਾਰਾ)- ਪੰਜਾਬ ਸਰਕਾਰ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸ਼ੁਰੂਆਤ ਕਰਕੇ ਇਹ ਵਾਅਦਾ ਕੀਤਾ ਸੀ ਕਿ 31 ਮਈ ਤੋਂ ਬਾਅਦ ਪੰਜਾਬ 'ਚ ਨਸ਼ੇ ਦਾ ਬਿਲਕੁਲ ਖਾਤਮਾ ਕਰ ਦਿੱਤਾ ਜਾਵੇਗਾ ਪ੍ਰੰਤੂ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਦੌਰਾਨ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਅਤੇ ਮੌਤਾਂ ਦਾ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ ਤੇ ਮੌਤਾਂ ਦਾ ਇਹ ਸਿਲਸਿਲਾ ਸਰਕਾਰ ਦੀ ਉਪਰੋਕਤ ਮੁਹਿੰਮ 'ਤੇ ਸਵਾਲੀਆ ਚਿੰਨ ਸਾਬਤ ਹੋ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਸਬਾ ਬਰਗਾੜੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸਿਰਫ ਸਰਕਾਰੀ ਅੰਕੜੇ ਦਿਖਾਉਣ ਤੱਕ ਸੀਮਤ ਹੋ ਕਿ ਰਹਿ ਗਈ ਹੈ | ਜਦੋਂ ਕਿ ਪੰਜਾਬ 'ਚ ਨਸ਼ਿਆਂ ਦਾ ਦੌਰ ਲਗਾਤਾਰ ਜਾਰੀ ਹੈ, ਜਿਸ ਕਰਕੇ ਅੱਜ ਵੀ ਮਾਪਿਆਂ ਦੇ ਇਕਲੌਤੇ ਪੁੱਤਰ ਇਨ੍ਹਾਂ ਨਸ਼ਿਆਂ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ 'ਚ ਜਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਿਰਫ ਦਿਖਾਵੇ ਕਰਨ ਦੀ ਬਜਾਏ ਠੋਸ ਨੀਤੀ ਅਪਣਾਏ | ਇਸ ਮੌਕੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਸਾਬਕਾ ਚੇਅਰਮੈਨ ਸੁਖਜੀਤ ਸਿੰਘ, ਰਣਜੀਤ ਸਿੰਘ ਘਾਰੂ, ਰਵੀ ਝੱਖੜਵਾਲਾ, ਗੁਰਤੇਜ ਸਿੰਘ ਦਬੜ੍ਹੀਖਾਨਾ, ਲਾਭ ਸਿੰਘ ਅਜਿੱਤ ਗਿੱਲ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਬੇਅੰਤ ਸਿੰਘ ਬੁਰਜ, ਮਨਪ੍ਰੀਤ ਸਿੰਘ ਸੇਖੋਂ, ਬਲਾਕ ਪ੍ਰਧਾਨ ਤਰਸੇਮ ਸਿੰਘ ਜਿਉਣਵਾਲਾ, ਸੇਵਕ ਸਿੰਘ ਬਰਾੜ ਢਿੱਲਵਾਂ, ਸਾਬਕਾ ਸਰਪੰਚ ਬਲਕਰਨ ਸਿੰਘ ਗੁਰੂਸਰ, ਜਸਵਿੰਦਰ ਸਿੰਘ ਜ਼ੈਲਦਾਰ, ਗੁਰਤੇਜ ਸਿੰਘ ਸੋਢੀ, ਸੁਰਜੀਤ ਸਿੰਘ ਸਰਾਂ ਅਦਿ ਹਾਜ਼ਰ ਸਨ |