06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਜਰਾਤ ਗੈਸ ਕੰਪਨੀ 'ਤੇ ਬਿਨਾਂ ਮਨਜੂਰੀ ਪਾਈਪ ਲਾਈਨ ਵਿਛਾਉਣ ਦੇ ਦੋਸ਼, ਲੋਕਾਂ ਨੇ ਕੰਮ ਰੋਕਿਆ •ਸਰਪੰਚ ਨਾਲ ਕੀਤਾ 'ਜੁਗਾੜੂ' ਸਮਝੌਤਾ, ਪ੍ਰਸ਼ਾਸਨ ਵਲੋਂ ਦਖ਼ਲ

ਅਜੀਤ ਡੈਸਕ 23-09-2025

ਮੰਡੀ ਕਿੱਲਿਆਂਵਾਲੀ, 22 ਸਤੰਬਰ (ਇਕਬਾਲ ਸਿੰਘ ਸ਼ਾਂਤ)-ਗੁਜਰਾਤ ਗੈਸ ਕੰਪਨੀ ਵਲੋਂ ਪੰਜਾਬ ਦੇ ਪੇਂਡੂ ਖੇਤਰਾਂ ਗ੍ਰਾਮੀਣ ਇਲਾਕਿਆਂ 'ਚ ਬਿਨਾਂ ਸਰਕਾਰੀ ਮਨਜੂਰੀ ਪਾਈਪ ਲਾਈਨ ਵਿਛਾਉਣ ਕਰਕੇ ਵਿਵਾਦਾਂ ਵਿਚ ਹੈ | ਕੰਪਨੀ ਵਲੋਂ ਗ੍ਰਾਮ ਪੰਚਾਇਤਾਂ ਨੂੰ ਗੁੰਮਰਾਹ ਕਰਕੇ ਕਥਿਤ ਜੁਗਾੜੂ ਐਨ.ਓ.ਸੀ./ਸਮਝੌਤੇ ਕੀਤੇ ਜਾ ਰਹੇ ਹਨ | ਇਸ ਸਮਝੌਤੇ ਦੇ ਆਧਾਰ 'ਤੇ ਅੱਜ ਮੰਡੀ ਕਿੱਲਿਆਂਵਾਲੀ (ਲੰਬੀ) 'ਚ ਕੰਪਨੀ ਦੇ ਵੈਂਡਰ ਨੇ ਅਚਨਚੇਤ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਨੂੰ ਮੁਹੱਲਾ ਵਾਸੀਆਂ ਨੇ ਰੋਕ ਦਿੱਤਾ | ਵੈਂਡਰਾਂ ਨੇ ਅਜੀਤ ਨਗਰ ਅਤੇ ਬਾਦਲ ਕਾਲੋਨੀ ਵਿੱਚ ਡੀ.ਐਮ.ਐਮ. ਮਸ਼ੀਨ ਨਾਲ ਗਲੀ 'ਚ ਡਿ੍ਲਿੰਗ ਲਈ ਟੋਇਆ ਪੁੱਟਣਾ ਸ਼ੁਰੂ ਕਰ ਦਿੱਤਾ | ਫਰਵਰੀ 2025 ਵਿੱਚ ਵੀ ਕੰਪਨੀ ਨੇ ਮੰਡੀ ਕਿੱਲਿਆਂਵਾਲੀ 'ਚ ਐਨਐਚ-9 'ਤੇ ਗੈਰਕਾਨੂੰਨੀ ਪਾਈਪ ਵਿਛਾਈ ਸੀ ਅਤੇ ਮੁੱਖ ਵਾਟਰ ਸਪਲਾਈ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ 'ਤੇ ਐਨ.ਐਚ.ਏ.ਆਈ. ਵਲੋਂ ਸਖ਼ਤ ਕਾਰਵਾਈ ਕੀਤੀ ਗਈ ਸੀ | ਮੁਹੱਲਾ ਵਾਸੀਆਂ ਕੁਲਵਿੰਦਰ ਸਿੰਘ, ਹਰਨੂਰ ਕੰਵਰ ਸਿੰਘ, ਅਮਰਜੀਤ ਸਿੰਘ ਅਰੋੜਾ, ਦਿਲਰਾਜ ਸਿੰਘ ਅਤੇ ਗੁਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰੀ ਦਸਤਾਵੇਜ਼ ਮੰਗਣ 'ਤੇ ਕੰਪਨੀ ਨੇ ਸਰਪੰਚ ਨਾਲ ਹੋਏ ਸਮਝੌਤੇ ਦੀ ਕਾਪੀ ਦਿਖਾਈ | ਉਨ੍ਹਾਂ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਬਿਨਾਂ ਰਾਜ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜੂਰੀ ਕੰਮ ਗੈਰਕਾਨੂੰਨੀ ਤੇ ਖ਼ਤਰਨਾਕ ਹੈ | ਬੀ.ਡੀ.ਪੀ.ਓ. ਦਫ਼ਤਰ ਵਿੱਚ ਸ਼ਿਕਾਇਤ 'ਤੇ ਪੰਚਾਇਤ ਸਕੱਤਰ ਰੇਸ਼ਮ ਸਿੰਘ ਢਿੱਲੋਂ ਮੌਕੇ 'ਤੇ ਪਹੁੰਚੇ ਅਤੇ ਕੰਮ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ | ਗੁਜਰਾਤ ਗੈਸ ਕੰਪਨੀ ਦੇ ਵੈਂਡਰ ਫਰਮ ਪਾਰਥ ਬਿਲਡਕੌਨ ਦੇ ਸੁਪਰਵਾਈਜਰ ਹਾਰਦਿਕ ਪਟੇਲ ਨੇ ਦਾਅਵਾ ਕੀਤਾ ਕਿ ਕੰਮ ਜਾਇਜ਼ ਹੈ, ਉਨ੍ਹਾਂ ਕੋਲ ਸਰਕਾਰ ਤੋਂ ਮਨਜੂਰੀ ਅਤੇ ਗ੍ਰਾਮ ਪੰਚਾਇਤ ਨਾਲ ਲਿਖਤੀ ਸਮਝੌਤਾ ਹੈ | ਕਿਸੇ ਨੁਕਸਾਨ ਦੀ ਸਥਿਤੀ 'ਚ 50 ਹਜ਼ਾਰ ਰੁਪਏ ਹਰਜਾਨਾ ਪੰਚਾਇਤ ਨੂੰ ਦਿੱਤਾ ਜਾਵੇਗਾ | ਡੀ.ਐਮ.ਐਮ. ਮਸ਼ੀਨ ਚਾਲਕ ਦੱਸਦੇ ਹਨ ਕਿ ਡੱਬਵਾਲੀ ਸ਼ਹਿਰ ਦੇ ਵਾਰਡ 1 ਤੋਂ ਪਾਈਪ ਲੰਘਾਉਣਾ ਸੰਭਵ ਨਹੀਂ, ਇਸ ਲਈ ਮੰਡੀ ਕਿਲਿਆਂਵਾਲੀ ਰਾਹ ਲਿਆ ਗਿਆ | ਮੰਡੀ ਕਿੱਲਿਆਂਵਾਲੀ ਦੇ ਸਰਪੰਚ ਗੁਰਮੇਲ ਸਿੰਘ ਟੋਨੀ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀ ਕਈ ਵਾਰ ਆਏ ਅਤੇ ਹੋਰ ਪਿੰਡਾਂ ਦੇ ਸਮਝੌਤੇ ਦਿਖਾਏ | ਇਸ ਆਧਾਰ 'ਤੇ ਰਾਜ ਹਸਪਤਾਲ ਗਲੀ 'ਚ ਪਾਈਪਲਾਈਨ ਦੀ ਸਹਿਮਤੀ ਦਿੱਤੀ ਅਤੇ ਲਿਖਤੀ ਨੁਕਸਾਨ ਭਰਪਾਈ ਦਾ ਸਮਝੌਤਾ ਕੀਤਾ | ਜ਼ਿਕਰਯੋਗ ਹੈ ਕਿ ਕੰਪਨੀ ਦੇ ਨਿਕੰਮੇ ਕੰਮ ਨਾਲ ਡੱਬਵਾਲੀ ਵਿਚ ਦਰਜਨਾਂ ਘਰ ਖਰਾਬ ਹੋ ਚੁੱਕੇ ਹਨ |

ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਉਮੇਸ਼ ਗਰਗ ਸਰਬਸੰਮਤੀ ਨਾਲ ਪ੍ਰਧਾਨ ਬਣੇ ਅਗਲੀ ਖ਼ਬਰ ਨਰਾਤਿਆਂ ਦੇ ਪਹਿਲੇ ਦਿਨ ਮੰਦਰਾਂ 'ਚ ਲੱਗਿਆ ਭਗਤਾਂ ਦਾ ਤਾਂਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।