ਫ਼ਰੀਦਕੋਟ, 20 ਜੂਨ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਨੇ ਕਥਿਤ ਸ਼ਰਾਰਤੀ ਅਨਸਰ ਜੀਜੀਐਸ ਮੈਡੀਕਲ ਸਟਾਫ਼ ਦੀਆਂ ਵੀਡੀਓ ਸ਼ੋਸ਼ਲ ਮੀਡੀਆ 'ਤੇ ਪਾ ਕੇ ਝੂਠੀਆਂ ਅਫਵਾਹਾਂ ਫੈਲਾਉਣ ਦੇ ਰੋਸ ਵਿਚ ਅੱਜ ਜੀਜੀਐਸ ਮੈਡੀਕਲ ਦੇ ਡਾਕਟਰੀ ਸਟਾਫ਼ ਵਲੋਂ 2 ਘੰਟਿਆਂ ਦੀ ਸੰਕੇਤਕ ਹੜਤਾਲ ਕਰ ਕੇ ਰੋਸ ਧਰਨਾ ਦਿੱਤਾ ਗਿਆ | ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਾਬਾ ਫ਼ਰੀਦ ਯੂਨੀਵਰਸਟੀ ਅਤੇ ਜੀਜੀਐਸ ਮੈਡੀਕਲ ਨੂੰ ਸ਼ਰਾਰਤੀ ਅਨਸਰਾਂ ਵਲੋਂ ਟਾਰਗੇਟ ਕੀਤਾ ਜਾ ਰਿਹਾ | ਕੋਈ ਵੀ ਬੰਦਾ ਮੈਡੀਕਲ ਵਿਚ ਆ ਕੇ ਵੀਡੀਓ ਬਣਾ ਕੇ ਪਾ ਦਿੰਦਾ ਅਤੇ ਮੈਡੀਕਲ ਨੂੰ ਬਦਨਾਮ ਕਰਦਾ ਹੈ ਜੋ ਕਿ ਅਸਲ ਸਚਾਈ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਨਾ ਤਾਂ ਇੱਥੇ ਆਏ ਮਰੀਜ਼ ਅਤੇ ਨਾ ਹੀ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਦੀ ਸ਼ਿਕਾਇਤ ਕਰਦੇ ਹਨ ਪਰ ਬਾਹਰੀ ਲੋਕਾਂ ਵਲੋਂ ਲਗਾਤਾਰ ਇਸ ਅਦਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਫਰਜ਼ੀ ਵੀਡੀਓ ਵਾਇਰਲ ਕਰ ਕੇ ਅਦਾਰੇ ਦੇ ਅਕਸ਼ ਨੂੰ ਢਾਅ ਲਗਾਈ ਜਾ ਰਹੀ ਹੈ | ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵਲੋਂ 2 ਘੰਟੇ ਦੀ ਸੰਕੇਤਕ ਹੜਤਾਲ ਕਰ ਕੇ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਰਕਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਜੋ ਵੀ ਹੁਣ ਤੱਕ ਫਰਜ਼ੀ ਵੀਡੀਓ ਵਾਇਰਲ ਕੀਤੀਆ ਗਈਆਂ ਹਨ ਉਨ੍ਹਾਂ ਨੂੰ ਡਲੀਟ ਕਰਵਾਇਆ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਡਾਕਟਰਾਂ ਵਲੋਂ 2 ਘੰਟੇ ਦੀ ਕੀਤੀ ਗਈ ਸੰਕੇਤਕ ਹੜਤਾਲ ਅਤੇ ਰੋਸ ਧਰਨੇ ਵਿਚ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਦੀਆ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੰਬੰਧੀ ਇਕ ਮੰਗ ਪੱਤਰ ਵੀ ਉਨ੍ਹਾਂ ਤੋਂ ਹਾਸਿਲ ਕੀਤਾ | ਉਨ੍ਹਾਂ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਨੂੰ ਵੀ ਨਾ ਤਾਂ ਮਹੌਲ ਖਰਾਬ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਯੂਨੀਵਰਸਟੀ ਅਤੇ ਮੈਡੀਕਲ ਹਸਪਤਾਲ ਦੇ ਅਕਸ਼ ਨੂੰ ਢਾਅ ਲਗਾਉਣ ਦਿੱਤੀ ਜਾਵੇਗੀ | ਪ੍ਰਦਰਸ਼ਨਕਾਰੀ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਇਨ੍ਹਾਂ ਦਾ ਸਾਰਥਿਕ ਹੱਲ ਕੀਤਾ ਜਾਵੇਗਾ | ਇਕ ਸਵਾਲ ਦੇ ਜਾਵਬ ਵਿਚ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਲਗਾਤਾਰ ਯੂਨੀਵਰਸਟੀ ਅਤੇ ਜੀਜੀਐਸ ਮੈਡੀਕਲ ਦੇ ਖਿਲਾਫ਼ ਕਾਰਵਾਈ ਕਰ ਰਿਹਾ ਨਾ ਤਾਂ ਉਹ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਹੈ ਅਤੇ ਨਾ ਹੀ ਉਸ ਕੋਲ ਕੋਈ ਹੋਰ ਅਹੁਦਾ ਹੈ, ਸਿਰਫ ਫੋਟੋ ਲਗਾ ਕੇ ਅਤੇ ਸ਼ੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਨਾਲ ਲੋਕ ਲੀਡਰ ਨਹੀਂ ਬਣਿਆ ਜਾ ਸਕਦਾ, ਲੋਕਾਂ ਦਾ ਲੀਡਰ ਬਨਣ ਲਈ ਲੋਕਾਂ ਵਿਚ ਜਾ ਕੇ ਉਨ੍ਹਾਂ ਦੀ ਗੱਲ ਕਰਨੀ ਪੈਂਦੀ ਹੈ |