ਫ਼ਰੀਦਕੋਟ, 22 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਰਾਜ ਦੀਆਂ ਪੰਚਾਇਤਾਂ ਦੇ ਕਰਵਾਏ ਗਏ ਗਰਾਮ ਸਭਾਵਾਂ ਦੇ ਇਜਲਾਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਖਾਲੀ ਫ਼ਾਰਮ ਦਿੱਤੇ ਗਏ ਸਨ ਕਿ ਉਹ ਆਪਣੇ ਪਿੰਡਾਂ ਅੰਦਰ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਨਾਂਅ ਅਤੇ ਨਸ਼ਿਆਂ ਸੰਬੰਧੀ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜਣ ਤਾਂ ਜੋ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਮਲੀ ਤੌਰ 'ਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ, ਪ੍ਰੰਤੂ ਫ਼ਰੀਦਕੋਟ ਜ਼ਿਲ੍ਹੇ ਦੀ ਪਿੰਡ ਬੇਗੂਵਾਲਾ ਦੀ ਪੰਚਾਇਤ ਨੇ ਇਹ ਫ਼ਾਰਮ ਖਾਲੀ ਹੀ ਦਸਤਖਤ ਕਰਕੇ ਪੰਚਾਇਤ ਵਿਭਾਗ ਨੂੰ ਇਸ ਲਈ ਭੇਜ ਦਿੱਤੇ ਤਾਂ ਜੋ ਪਿੰਡ 'ਚ ਕੋਈ ਦੁਸ਼ਮਣੀ ਵਗੈਰਾ ਨਾ ਵਧੇ | ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਪਿੰਡ ਵਿਚ ਗ੍ਰਾਮ ਸਭਾ ਕਰਵਾਈ ਗਈ ਹੈ, ਜਿਸ ਵਿਚ ਪਿੰਡ ਦੇ ਵੱਖ-ਵੱਖ ਮੁੱਦਿਆਂ ਦੇ ਨਾਲ ਮਗਨਰੇਗਾ ਦੇ ਕੰਮਾਂ ਸੰਬੰਧੀ ਗੱਲਬਾਤ ਹੋਈ | ਉਨ੍ਹਾਂ ਦੱਸਿਆ ਕਿ ਜੋ ਸਰਕਾਰ ਵਲੋਂ ਉਨ੍ਹਾਂ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਲਈ ਫ਼ਾਰਮ ਭੇਜੇ ਗਏ ਸਨ ਉਨ੍ਹਾਂ ਨੂੰ ਉਹ ਖਾਲੀ ਕਾਗਜ਼ਾਂ ਉਪਰ ਹੀ ਆਪਣੀ ਮੋਹਰ ਲਗਾ ਕੇ ਅਤੇ ਦਸਤਖਤ ਕਰਕੇ ਬੀਡੀਪੀਓ ਦਫ਼ਤਰ ਨੂੰ ਭੇਜ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਚਾਇਤ ਵਲੋਂ ਕਿਸੇ ਵੀ ਤਸਕਰ ਦਾ ਨਾਮ ਇਨ੍ਹਾਂ ਫ਼ਾਰਮਾਂ ਵਿਚ ਭਰ ਕੇ ਭੇਜਦੇ ਹਾਂ ਤਾਂ ਪਿੰਡ ਵਿਚ ਇਹ ਦੁਸ਼ਮਣੀ ਨੂੰ ਵਧਾਏਗਾ ਅਤੇ ਨਸ਼ਾ ਤਸਕਰ ਉਨ੍ਹਾਂ ਦੇ ਵੈਰ ਪੈ ਜਾਣਗੇ | ਉਨ੍ਹਾਂ ਕਿਹਾ ਕਿ ਅੱਜ ਪਿੰਡ ਵਾਸੀਆ ਅਤੇ ਪੰਚਾਇਤ ਨੇ ਫ਼ੈਸਲਾ ਲਿਆ ਹੈ ਕਿ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰੇਗਾ ਅਤੇ ਨਾ ਹੀ ਕੋਈ ਉਨ੍ਹਾਂ ਦੀ ਜ਼ਮਾਨਤ ਵਗੈਰਾ ਕਰਵਾਵੇਗਾ |