ਮੋਗਾ, 22 ਜੂਨ (ਗੁਰਤੇਜ ਸਿੰਘ ਬੱਬੀ)-ਅੱਖਾਂ ਦੇ ਪ੍ਰਸਿੱਧ ਡਾਕਟਰ ਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਮੋਗਾ ਸ਼ਹਿਰ ਨਾਲ ਜੁੜੀ ਉਹ ਅਜ਼ੀਮ ਸ਼ਖ਼ਸੀਅਤ ਸਨ ਜਿਨ੍ਹਾਂ ਦੀ ਮੋਗਾ ਸ਼ਹਿਰ ਨੂੰ ਦਿੱਤੀ ਦੇਣ ਸਦਕਾ ਉਹ ਆਉਣ ਵਾਲੀਆਂ ਨਸਲਾਂ ਲਈ ਵੀ ਪ੍ਰੇਰਨਾਦਾਇਕ ਰਹਿਣਗੇ | ਜਿੱਥੇ ਉਨ੍ਹਾਂ ਨੇ ਮੋਗਾ ਸ਼ਹਿਰ ਵਿਚ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਅਤੇ ਹੋਰ ਬਿਲਡਿੰਗਾਂ ਦਾ ਨਿਰਮਾਣ ਕਰਵਾਇਆ, ਉੱਥੇ ਉਨ੍ਹਾਂ ਵਿੱਦਿਆ ਦੇ ਖੇਤਰ 'ਚ ਡੀ.ਐਮ. ਕਾਲਜ ਹੋਂਦ 'ਚ ਲਿਆਂਦਾ ਅਤੇ ਇਸ ਦੇ ਨਾਲ ਹੀ ਛੇ ਹੋਰ ਵਿੱਦਿਅਕ ਅਦਾਰੇ ਆਏ, ਜਿਨ੍ਹਾਂ ਵਿਚੋਂ ਪ੍ਰਮੁੱਖ ਹੈ ਡੀ.ਐਨ. ਮਾਡਲ ਸਕੂਲ ਮੋਗਾ, ਪਰ ਵਿੱਦਿਆ ਦਾ ਚਾਨਣ ਫੈਲਾ ਰਹੇ ਇਹ ਵਿੱਦਿਅਕ ਅਦਾਰੇ ਹੌਲੀ-ਹੌਲੀ ਰਾਜਨੀਤੀ ਦੀ ਭੇਟ ਚੜ੍ਹਦੇ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਗਏ ਜਿਸ ਦਾ ਖ਼ਮਿਆਜ਼ਾ ਸ਼ਹਿਰ ਵਾਸੀ, ਵਿਦਿਆਰਥੀ ਤੇ ਇਨ੍ਹਾਂ ਅਦਾਰਿਆਂ ਵਿਚ ਕੰਮ ਕਰਨ ਵਾਲੇ ਭੁਗਤ ਰਹੇ ਹਨ | ਡੀ.ਐਨ. ਮਾਡਲ ਸਕੂਲ ਪਿਛਲੇ ਕਈ ਮਹੀਨਿਆਂ ਤੋਂ ਕਈ ਵਿਵਾਦਾਂ 'ਚੋਂ ਦੀ ਗੁਜ਼ਰ ਰਿਹਾ ਹੈ ਤੇ ਇਹ ਪੇਚੀਦਗੀ ਉਸ ਸਮੇਂ ਗਹਿਰੀ ਹੋ ਗਈ, ਜਦੋਂ ਇਕ ਧਿਰ ਆਪਣੀ ਜ਼ੋਰ ਅਜ਼ਮਾਈ ਨਾਲ ਸਕੂਲ 'ਤੇ ਕਾਬਜ਼ ਹੋ ਗਈ | ਅੱਜ ਹਾਲਾਤ ਇਹ ਹਨ ਕਿ ਸਕੂਲ ਦੇ ਸਾਰੇ ਖਾਤੇ ਸੀਜ ਹੋਣ ਕਰ ਕੇ ਸਕੂਲ ਦਾ ਪ੍ਰਬੰਧ ਨਕਦ ਕੈਸ਼ ਨਾਲ ਚਲਾਇਆ ਜਾ ਰਿਹਾ ਹੈ | ਜੇਕਰ ਇਹੀ ਹਾਲ ਰਿਹਾ ਤਾਂ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਦੀ ਵਿਰਾਸਤ ਇਹ ਵਿੱਦਿਅਕ ਅਦਾਰੇ ਹੌਲੀ-ਹੌਲੀ ਖ਼ਤਮ ਹੋਣ ਦੀ ਕਾਗਾਰ 'ਤੇ ਪਹੁੰਚ ਜਾਣਗੇ | ਜੇਕਰ ਇਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਸੁਚਾਰੂ ਰੂਪ ਨਾਲ ਚਲਾਉਣਾ ਹੈ ਤਾਂ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਉਣ ਅਤੇ ਡੀ.ਐਨ. ਮਾਡਲ ਸਕੂਲ ਦੇ ਖਾਤਿਆਂ ਦੀ ਜਾਂਚ ਕਰਵਾਉਣ ਕਿ ਉਹ ਆਖ਼ਰ ਕਿਉਂ ਬੰਦ ਪਏ ਹਨ ਕਿਉਂਕਿ ਸਕੂਲ ਦੇ ਪ੍ਰਬੰਧਾਂ ਨੂੰ ਬਿਨਾਂ ਬੈਂਕ ਖਾਤਿਆਂ ਦੇ ਨਕਦ ਕੈਸ਼ ਨਾਲ ਚਲਾਉਣਾ ਸਕੂਲ ਦੀ ਵਿਵਸਥਾ ਦੇ ਬਿਲਕੁਲ ਉਲਟ ਅਤੇ ਗ਼ੈਰ-ਵਾਜਬ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੂੰ ਵੀ ਇਸ ਪਾਸੇ ਫ਼ੌਰੀ ਧਿਆਨ ਦੇਣ ਦੀ ਲੋੜ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਕੂਲ ਦੇ ਪ੍ਰਬੰਧਾਂ ਨੂੰ ਵੇਖਣ ਲਈ ਕਿਸੇ ਸਰਕਾਰੀ ਰਸੀਵਰ ਨੂੰ ਨਿਯੁਕਤ ਕੀਤਾ ਜਾਵੇ |