ਕੋਟ ਈਸੇ ਖਾਂ, 17 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਥਾਣਾ ਕੋਟ ਈਸੇ ਖਾਂ ਦੇ ਦਾਖਲਾ ਗੇਟ ਅੱਗੇ ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਦੇ ਹੁਕਮਾਂ ਵਾਲਾ ਇਕ ਹੱਥ ਲਿਖਤ ਮੋਟੇ ਅੱਖਰਾਂ ਵਿਚ ਇਕ ਲਗਾਇਆ ਹੋਇਆ ਨੋਟਿਸ ਦਿਖਾਈ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਥਾਣੇ ਅੰਦਰ ਕੋਈ ਵੀ ਵਿਅਕਤੀ ਮੁਲਾਜ਼ਮਾਂ ਨੂੰ ਦੇਣ ਲਈ ਦੀਵਾਲੀ ਦਾ ਤੋਹਫ਼ਾ ਜਾਂ ਕੋਈ ਹੋਰ ਵਸਤੂ ਲੈ ਕੇ ਨਹੀਂ ਆਵੇਗਾ | ਹੇਠਲੇ ਪੱਧਰ 'ਤੇ ਹੋ ਰਹੀਆਂ ਗਤੀਵਿਧੀਆਂ ਤੋਂ ਸਾਫ਼ ਜਾਹਿਰ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਪੁਲਿਸ ਪੂਰੀ ਇਮਾਨਦਾਰੀ ਦੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੈ | ਇਸ ਸੰਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਜਿੱਥੇ ਪੁਲਿਸ ਕਰਮਚਾਰੀਆਂ ਨੂੰ ਬਣਦੀਆਂ ਹਦਾਇਤਾਂ ਦਿੱਤੀਆਂ, ਉੱਥੇ ਹੀ ਕਿਹਾ ਕਿ ਪੁਲਿਸ ਦਾ ਫ਼ਰਜ਼ ਲੋਕਾਂ ਦੀ ਸੇਵਾ ਕਰਨਾ ਹੈ ਨਾ ਕਿ ਕਿਸੇ ਕਿਸਮ ਦੇ ਤੋਹਫ਼ੇ ਜਾਂ ਹੋਰ ਗੱਲਾਂ ਵੱਲ ਧਿਆਨ ਦੇਣਾ | ਉਨ੍ਹਾਂ ਕਿਹਾ ਕਿ ਥਾਣਾ ਧਰਮਕੋਟ, ਕੋਟ ਈਸੇ ਖਾਂ ਤੇ ਨੇੜਲੇ ਹੋਰਨਾਂ ਇਲਾਕਿਆਂ ਵਿਚ ਉਨ੍ਹਾਂ ਨੇ ਕਾਫੀ ਸਮਾਂ ਬਿਤਾਇਆ ਤੇ ਇਸ ਸਮੇਂ ਵੀ ਕੋਟ ਈਸੇ ਖਾਂ ਥਾਣਾ ਵਿਚ ਬਤੌਰ ਥਾਣਾ ਮੁਖੀ ਵਿਚਰਦਿਆਂ ਪੂਰੀ ਇਮਾਨਦਾਰੀ ਤੇ ਸਚਾਈ ਨਾਲ ਕੰਮ ਕੀਤਾ ਹੈ, ਜੋ ਇਸੇ ਤਰ੍ਹਾਂ ਜਾਰੀ ਰਹੇਗਾ |