ਕਿਸ਼ਨਪੁਰਾ ਕਲਾਂ, 17 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਨਿਰੰਤਰ ਰਾਹਤ ਅਤੇ ਮੈਡੀਕਲ ਸੇਵਾਵਾਂ ਜਾਰੀ ਹਨ | ਇਹ ਵਿਸ਼ਾਲ ਮੈਡੀਕਲ ਕੈਂਪ ਪਿੰਡ ਚੱਕ ਤਾਰੇਵਾਲਾ ਵਿਖੇ ਗੁਰਦੁਆਰਾ ਸਾਹਿਬ 'ਚ ਕਰਵਾਇਆ ਗਿਆ, ਜਿੱਥੇ ਪਿੰਡ ਚੱਕ ਭੌਰੇ, ਗੱਟੀ ਜੱਟਾਂ, ਜੀਂਦੜਾ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਮਰੀਜ਼ ਪਹੁੰਚੇ ਹੋਏ ਸਨ | ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਪੀ.ਏ. ਇਕਬਾਲਦੀਪ ਸਿੰਘ ਹੈਰੀ ਨੇ ਦੱਸਿਆ ਕਿ ਡਾ. ਰਾਜਨ ਸਿੱਧੂ (ਜਲੰਧਰ) ਦੀ ਅਗਵਾਈ ਹੇਠ ਸਿਡਨੀ ਸਪੋਰਟਰਜ਼ ਦੇ ਸਹਿਯੋਗ ਨਾਲ ਵਿਸ਼ਾਲ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਕੈਂਪ ਨਾ ਕੇਵਲ ਆਮ ਬਿਮਾਰੀਆਂ ਲਈ ਦਵਾਈਆਂ ਪ੍ਰਦਾਨ ਕਰਦੇ ਹਨ, ਸਗੋਂ ਲੋਕਾਂ ਨੂੰ ਪੂਰੀ ਸਿਹਤ ਜਾਂਚ ਅਤੇ ਸਲਾਹ ਵੀ ਦਿੱਤੀ ਜਾਂਦੀ ਹੈ | ਖ਼ਾਸ ਕਰਕੇ ਬੁਖ਼ਾਰ, ਚਮੜੀ ਦੇ ਰੋਗ, ਸਾਹ ਦੀਆਂ ਬਿਮਾਰੀਆਂ ਅਤੇ ਹੋਰ ਆਮ ਰੋਗਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ | ਨਿਧੜਕ ਸੇਵਾਦਾਰ ਇਕਬਾਲਦੀਪ ਸਿੰਘ ਹੈਰੀ ਨੇ ਦੱਸਿਆ ਕਿ ਡਾ. ਰਾਜਨ ਸਿੱਧੂ ਅਤੇ ਉਨ੍ਹਾਂ ਦੀ ਟੀਮ ਵਲੋਂ ਡੈਂਟਲ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਦੰਦਾਂ ਦੀ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾ. ਸੰਦੀਪ ਸਿੱਧੂ, ਗੁਰਜੀਤ ਸਿੰਘ ਖਿੰਡਾ, ਦਲਜੀਤ ਸਿੰਘ ਦਫ਼ਤਰ ਇੰਚਾਰਜ ਆਦਿ ਪਿੰਡ ਵਾਸੀ ਹਾਜ਼ਰ ਸਨ |