ਕੋਟਕਪੂਰਾ: ਸਰਦਾਰਨੀ ਪ੍ਰੀਤਮ ਕੌਰ ਮੱਤਾ ਦਾ ਜਨਮ ਕਰੀਬ 72 ਸਾਲ ਪਹਿਲਾਂ ਪਿੰਡ ਕੋਟਭਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਮਹਿੰਦਰ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਦੀ ਸ਼ਾਦੀ ਪਿੰਡ ਮੱਤਾ ਨਿਵਾਸੀ ਮੋਹਨ ਸਿੰਘ ਪੁੱਤਰ ਜੰਗੀਰ ਸਿੰਘ ਮੱਤਾ ਨਾਲ 3 ਅਕਤੂਬਰ 1973 ਨੂੰ ਹੋਈ | ਉਨ੍ਹਾਂ ਦੇ ਘਰ ਇਕਲੌਤੇ ਲੜਕੇ ਸੁਖਦੀਪ ਸਿੰਘ ਮੱਤਾ (ਬੱਬੂ) ਅਤੇ ਤਿੰਨ ਲੜਕੀਆਂ ਵੀਰਪਾਲ ਕੌਰ, ਹਰਪ੍ਰੀਤ ਕੌਰ ਤੇ ਮਨਦੀਪ ਕੌਰ ਨੇ ਜਨਮ ਲਿਆ | ਉਨ੍ਹਾਂ ਸਾਰੇ ਬੱਚਿਆਂ ਦੀਆਂ ਸ਼ਾਦੀਆਂ ਚੰਗੇ ਰਸੂਖਦਾਰ ਪਰਿਵਾਰਾਂ 'ਚ ਕੀਤੀਆਂ | ਪ੍ਰੀਤਮ ਕੌਰ ਦੀ ਪ੍ਰੇਰਣਾ ਨਾਲ ਪਰਿਵਾਰ ਨੇ 1982 'ਚ ਦਾਣਾ ਮੰਡੀ ਕੋਟਕਪੂਰਾ ਵਿਖੇ ਸੁਖਦੇਵ ਸਿੰਘ ਮੱਤਾ ਨਾਲ ਸਾਂਝੀ ਆੜ੍ਹਤ ਦੀ ਦੁਕਾਨ ਕੀਤੀ | 1990 'ਚ ਪਰਿਵਾਰ ਨੇ ਹੀਰਾ ਸਿੰਘ ਨਗਰ ਕੋਟਕਪੂਰਾ ਵਿਖੇ ਪੱਕੀ ਰਿਹਾਇਸ਼ ਕਰ ਲਈ | ਉਨ੍ਹਾਂ ਦੇ ਪਤੀ ਮੋਹਨ ਸਿੰਘ ਮੱਤਾ ਨਗਰ ਕੌਂਸਲ ਕੋਟਕਪੂਰਾ ਦੇ 10 ਸਾਲ ਪ੍ਰਧਾਨ ਤੇ 4 ਵਾਰ ਕੌਂਸਲਰ ਵਜੋਂ ਸ਼ਹਿਰ ਦੀ ਸੇਵਾ ਕੀਤੀ ਅਤੇ 9 ਸਾਲ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਰਹੇ | ਮਾਤਾ ਜੀ ਦੀ ਅਗਵਾਈ 'ਚ ਪਰਿਵਾਰ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ ਤੇ ਇਲਾਕੇ 'ਚ ਰਸੂਖ ਵਧਾਇਆ | ਉਨ੍ਹਾਂ ਦੇ ਬੇਟੇ ਸੁਖਦੀਪ ਸਿੰਘ ਬੱਬੂ ਨੇ ਵੀ ਸਖਤ ਮਿਹਨਤ ਕਰਕੇ ਕਾਰੋਬਾਰ 'ਚ ਵਾਧਾ ਕੀਤਾ | ਕੁਝ ਸਾਲ ਪਹਿਲਾਂ ਪਰਿਵਾਰ ਮੋਗਾ ਰੋਡ 'ਤੇ ਸਥਿਤ ਨਵੀਂ ਆਧੁਨਿਕ ਕਾਲੋਨੀ ਸੀ.ਐਨ.ਐਸ ਦਾ ਵਸਨੀਕ ਬਣਿਆ | ਮੌਤ ਤੋਂ ਕੁਝ ਦਿਨ ਪਹਿਲਾਂ ਆਪ ਆਪਣੇ ਪਤੀ ਮੋਹਨ ਸਿੰਘ ਮੱਤਾ ਨਾਲ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਏ ਸਨ ਤੇ ਪੂਰੀ ਤਰ੍ਹਾਂ ਤੰਦਰੁਸਤ ਸਨ | ਅਚਾਨਕ ਉਨ੍ਹਾਂ ਨੂੰ ਬਿਮਾਰੀ ਨੇ ਘੇਰ ਲਿਆ ਅਤੇ 15 ਅਕਤੂਬਰ 2025 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਸਭ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਏ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਅਕਤੂਬਰ 2025 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ, ਫ਼ਰੀਦਕੋਟ ਰੋਡ, ਸੰਧਵਾਂ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ | -ਮੇਘਰਾਜ