ਬਠਿੰਡਾ, 17 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੰਸਟਾਗ੍ਰਾਮ 'ਤੇ ਮਸ਼ਹੂਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੀ ਹੱਤਿਆ ਮਾਮਲੇ ਵਿਚ ਨਾਮਜ਼ਦ ਅੰਮਿ੍ਤਪਾਲ ਸਿੰਘ ਮਹਿਰੋਂ ਤੋਂ ਮਗਰੋਂ ਰਣਜੀਤ ਸਿੰਘ ਵਾਸੀ ਪਿੰਡ ਸੋਹਲ, ਜ਼ਿਲ੍ਹਾ ਤਰਨਤਾਰਨ ਦੀ ਗਿ੍ਫ਼ਤਾਰੀ ਸੰਬੰਧੀ ਬਠਿੰਡਾ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ | ਪੁਲਿਸ ਵਲੋਂ ਸੋਹਲ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ | ਰਣਜੀਤ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਬਠਿੰਡਾ ਤੋਂ ਅੰਮਿ੍ਤਸਰ ਸਾਹਿਬ ਤੱਕ ਪਹੁੰਚਾਉਣ 'ਚ ਮਦਦ ਕੀਤੀ, ਜਿਸ ਮਗਰੋਂ ਮਹਿਰੋਂ ਵਿਦੇਸ਼ ਚਲਾ ਗਿਆ | ਇਸ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਪਿੰਡ ਸੋਹਲ ਉਕਤ ਕਤਲ ਮਾਮਲੇ 'ਚ ਲੋੜੀਂਦਾ ਹੈ, ਜਿਸ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਟੀਮਾਂ ਲਗਾਤਾਰ ਵੱਖ-ਵੱਖ ਜ਼ਿਲਿ੍ਹਆਂ ਵਿਚ ਛਾਪੇਮਾਰੀਆਂ ਕਰ ਰਹੀਆਂ ਹਨ | ਰਣਜੀਤ ਸਿੰਘ ਕਿਧਰੇ ਦੇਸ਼ ਛੱਡ ਕੇ ਵਿਦੇਸ਼ ਭੱਜ ਨਾ ਜਾਵੇ, ਇਸ ਕਰਕੇ ਉਸ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਉਸ ਦਾ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ | ਦੂਸਰੀ ਤਰਫ਼ ਇਸ ਕਤਲ ਕੇਸ ਦੇ ਮੁੱਖ ਸਾਜਿਸ਼ਘਾੜੇ ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਯੂ.ਏ.ਈ. ਤੋਂ ਵਾਪਸ ਲਿਆਉਣ ਸੰਬੰਧਿਤ ਦੇਸ਼ ਦੀਆਂ ਏਜੰਸੀਆਂ ਨਾਲ ਤਾਲਮੇਲ ਜਾਰੀ ਹੈ | ਉਨ੍ਹਾਂ ਦੱਸਿਆ ਕਿ ਰਣਜੀਤ ਦੇ ਨਾਲ ਵਾਲੇ ਵਿਅਕਤੀ ਦਾ ਵੀ ਬਹੁਤ ਜਲਦ ਪਤਾ ਲਗਾ ਲਿਆ ਜਾਵੇਗਾ |