ਚੰਡੀਗੜ੍ਹ, 21 ਜੂਨ (ਪ੍ਰੋ.ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਿਰ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਰਾਜ ਦਾ ਪਾਣੀ ਹੈ, ਉਸ 'ਤੇ ਉਸੇ ਦਾ ਹੱਕ ਹੈ | ਸ: ਚੰਦੂਮਾਜਰਾ ਨੇ ਕਿਹਾ ਕਿ ਰਿਪੇਰੀਅਨ ਲਾਅ ਅਨੁਸਾਰ ਪਾਣੀ ਦਾ ਦਰਿਆ ਜਿਸ ਰਾਜ 'ਚੋਂ ਲੰਘ ਕੇ ਉਸ ਰਾਜ ਦਾ ਨੁਕਸਾਨ ਕਰਦਾ ਹੈ, ਫ਼ਸਲਾਂ ਦੀ ਬਰਬਾਦੀ ਕਰਦਾ ਹੈ, ਉਸ ਪਾਣੀ 'ਤੇ ਉਸੇ ਰਾਜ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੇ ਪਾਣੀਆਂ ਦਾ ਲਾਭ ਤਾਂ ਲੈਣਾ ਚਾਹੁੰਦੇ ਹਨ ਪਰ ਪਾਣੀ ਨਾਲ ਆਉਣ ਵਾਲੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਝੱਲਣ ਨੂੰ ਤਿਆਰ ਨਹੀਂ ਜੋ ਕਿ ਸਹੀ ਨਹੀਂ ਜਾਪਦਾ | ਉਨ੍ਹਾਂ ਕਿਹਾ ਕਿ ਉਮਰ ਅਬਦੁੱਲਾ ਦਾ ਇਹ ਬਿਆਨ ਕਈ ਭੁਲੇਖੇ ਪੈਦਾ ਕਰਦਾ ਹੈ | ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਜਿਸ ਪਾਣੀ 'ਤੇ ਜਿਸ ਰਾਜ ਦਾ ਹੱਕ ਹੈ, ਉਸ ਨੂੰ ਹੀ ਮਿਲਣਾ ਚਾਹੀਦਾ ਹੈ ਦੀ ਲੜਾਈ ਲੜਦਾ ਆ ਰਿਹਾ ਹੈ ਪਰ ਉਮਰ ਅਬਦੁੱਲਾ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਹੱਕ ਦੀ ਗੱਲ ਕਰ ਰਹੇ ਹਨ |