ਕੁਰੂਕਸ਼ੇਤਰ, 21 ਜੂਨ (ਅ.ਬ.)- ਸਵਾਮੀ ਰਾਮਦੇਵ ਦੀ ਅਗਵਾਈ 'ਚ 11ਵਾਂ ਕੌਮਾਂਤਰੀ ਯੋਗ ਦਿਵਸ ਪਤੰਜਲੀ ਯੋਗਪੀਠ ਅਤੇ ਹਰਿਆਣਾ ਯੋਗ ਆਯੋਗ, ਆਯੂਸ਼ ਵਿਭਾਗ ਦੇ ਸਹਿਯੋਗ ਨਾਲ ਕੁਰੂਕਸ਼ੇਤਰ 'ਚ ਕਰਵਾਇਆ ਗਿਆ | ਇਸ ਮੌਕੇ ਸਵਾਮੀ ਰਾਮਦੇਵ, ਅਚਾਰੀਆ ਬਾਲ ਕ੍ਰਿਸ਼ਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬ੍ਰਹਮਸਰੋਵਰ, ਕੁਰੂਕਸ਼ੇਤਰ ਦੀ ਇਤਿਹਾਸਿਕ ਧਰਤੀ 'ਤੇ ਯੋਗ ਸਾਧਕਾਂ ਨੂੰ ਯੋਗ ਅਭਿਆਸ ਕਰਵਾਇਆ | ਇਸ ਦੇ ਨਾਲ ਹੀ ਪਤੰਜਲੀ ਯੋਗ ਸਮਿਤੀ ਜ਼ਰੀਏ ਦੇਸ਼ ਦੇ ਸਾਰੇ 650 ਜ਼ਿਲਿ੍ਹਆਂ 'ਚ ਯੋਗ ਦੀ ਸਿਖਲਾਈ ਦਿੱਤੀ ਗਈ | ਕੁਰੂਕਸ਼ੇਤਰ 'ਚ ਇਕ ਲੱਖ ਤੋਂ ਵੱਧ ਯੋਗ ਸਾਧਕਾਂ ਨੇ ਇਕੱਠੇ ਯੋਗ ਅਭਿਆਸ ਕਰਕੇ ਨਵਾਂ ਕੀਰਤੀਮਾਨ ਬਣਾਇਆ | ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ 'ਵਨ ਅਰਥ, ਵਨ ਹੈਲਥ' ਰਿਹਾ | ਇਸ ਮੌਕੇ ਸਵਾਮੀ ਰਾਮਦੇਵ ਨੇ ਕਿਹਾ ਕਿ ਦੁਨੀਆ ਦੇ ਹੁਣ 200 ਕਰੋੜ ਤੋਂ ਜ਼ਿਆਦਾ ਲੋਕ ਯੋਗ ਕਰ ਰਹੇ ਹਨ, ਯੋਗ ਹੁਣ ਯੁਗਧਰਮ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਯੋਗ ਹੀ ਸਨਾਤਨ ਦਾ ਸਾਰ ਹੈ, ਜੀਵਨ ਦਾ ਸੱਚ ਹੈ, ਯੋਗ ਸਾਡੇ ਸੰਸਕਾਰਾਂ, ਸੰਸਕ੍ਰਿਤ ਤੇ ਪ੍ਰਕਿਰਤੀ 'ਚ ਹੈ | ਦੇਸ਼ 'ਚ ਦਵਾਈਆਂ ਦੇ ਨਾਂਅ 'ਤੇ 10 ਲੱਖ ਕਰੋੜ ਰੁਪਏ ਖਰਚ ਹੁੰਦੇ ਹਨ, ਜਦੋਂ ਦੇਸ਼ ਦੇ ਕਰੋੜਾਂ ਲੋਕ ਰੋਜ਼ ਯੋਗ ਕਰਨਗੇ ਤਾਂ ਦੇਸ਼ ਦਾ ਸਿਹਤ ਬਜਟ ਜ਼ੀਰੋ ਹੋ ਜਾਏਗਾ | ਰਾਮਦੇਵ ਨੇ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਸਵਦੇਸ਼ੀ ਅਪਨਾਉਣ ਨਾਲ ਹੀ ਆ ਸਕਦੀ ਹੈ | 'ਵਨ ਅਰਥ, ਵਨ ਹੈਲਥ' ਭਾਵ 'ਇਕ ਪਿ੍ਥਵੀ, ਇਕ ਸਿਹਤ' ਦਾ ਸੰਕਲਪ ਕੇਵਲ ਯੋਗ ਨਾਲ ਹੀ ਪੂਰਾ ਹੋ ਸਕਦਾ ਹੈ | ਇਸ ਮੌਕੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਹਰਿਆਣਾ ਤੇ ਕੇਂਦਰ ਸਰਕਾਰ ਪ੍ਰਤੀਬੱਧ ਹੈ | ਸਾਡਾ ਮਕਸਦ ਨਸ਼ਾਮੁਕਤ ਤੇ ਤਣਾਅਮੁਕਤ ਹਰਿਆਣਾ ਬਣਾਉਣਾ ਹੈ | ਪ੍ਰੋਗਰਾਮ 'ਚ ਅਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਰੋਜ਼ਾਨਾ ਜੇਕਰ ਅੱਧੇ ਤੋਂ ਇਕ ਘੰਟੇ ਤੱਕ ਯੋਗ ਅਭਿਆਸ ਕਰ ਲਿਆ ਜਾਏ ਤਾਂ ਜੀਵਨ ਨੂੰ ਸਿਹਤਮੰਦ, ਸੁਖੀ ਤੇ ਆਰਾਮਦਾਇਕ ਬਣਾਇਆ ਜਾ ਸਕਦਾ ਹੈ | ਇਸ ਮੌਕੇ ਰਾਜਪਾਲ ਬੰਗਾਰੂ ਦੱਤਾਤ੍ਰੇਅ, ਮੰਤਰੀ ਆਰਤੀ ਰਾਓ, ਸੰਸਦ ਮੈਂਬਰ ਨਵੀਨ ਜਿੰਦਲ, ਆਯੂਸ਼ ਵਿਭਾਗ ਦੇ ਮਹਾਨਿਰਦੇਸ਼ਕ ਸੰਜੀਵ ਵਰਮਾ, ਪਤੰਜਲੀ ਸੰਸਥਾਨ ਵਲੋਂ ਸਾਧਵੀ ਦੇਵਪਿ੍ਆ, ਭਾਈ ਰਾਕੇਸ਼, ਯੋਗ ਆਯੋਗ ਦੇ ਪ੍ਰਧਾਨ ਜੈਦੀਪ, ਹਰਿਆਣਾ ਰਾਜ ਕਮੇਟੀ ਵਲੋਂ ਈਸ਼ ਕੁਮਾਰ ਆਰਿਆ, ਅਮਰ ਆਦਿ ਨੇ ਕਰੀਬ 400 ਪਿੰਡਾਂ ਨਾਲ ਸੰਪਰਕ ਕਰਕੇ ਸ਼ਮੂਲੀਅਤ ਯਕੀਨੀ ਕੀਤੀ |
ਯੋਗ ਹੀ ਸਨਾਤਨ ਦਾ ਸਾਰ ਹੈ ਅਤੇ ਜੀਵਨ ਦਾ ਸੱਚ ਹੈ-ਸਵਾਮੀ ਰਾਮਦੇਵ ਕਿਹਾ, ਅੱਜ ਦੁਨੀਆ 'ਚ 200 ਕਰੋੜ ਤੋਂ ਵੱਧ ਲੋਕ ਕਰ ਰਹੇ ਹਨ ਯੋਗ <br/>
ਅਜੀਤ ਡੈਸਕ
22-06-2025