ਸਰਕਾਰ ਮੰਡੀਆਂ 'ਚੋਂ ਗ਼ਾਇਬ-ਮੀਂਹ ਨੇ ਮੱਕੀ ਗਿੱਲੀ ਕੀਤੀ
<br/>
ਸਮਰਾਲਾ (ਖੰਨਾ), 21 ਜੂਨ (ਗੋਪਾਲ ਸੋਫਤ)-ਇਸ ਸਾਲ ਮੌਨਸੂਨ ਤੋਂ ਪਹਿਲਾਂ ਹੀ ਪੈਣ ਵਾਲੇ ਮੀਹਾਂ ਨੇ ਭਾਵੇਂ ਅਸਮਾਨ ਤੋਂ ਵਰਦੀ ਅੱਗ ਤੇ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਤਾਂ ਦਿੱਤੀ ਹੈ ਪਰ ਅਨਾਜ ਮੰਡੀਆਂ ਵਿਚ ਵਿਕਣ ਆਈ ਮੱਕੀ ਦੇ ਭਾਅ 600 ਰੁਪਏ ਕੁਇੰਟਲ ਤੱਕ ਘੱਟ ਜਾਣ ਕਾਰਨ ਮੱਕੀ ਉਤਪਾਦਕ ਕਿਸਾਨ ਸੁੱਕਣੇ ਪਾ ਦਿੱਤੇ ਹਨ¢ ਸਰਕਾਰ ਨੇ ਭਾਵੇਂ ਘੱਟੋ-ਘੱਟ ਮੱਕੀ ਦੀ ਫ਼ਸਲ ਦੀ ਕੀਮਤ 2400 ਪ੍ਰਤੀ ਕੁਇੰਟਲ ਨਿਸ਼ਚਿਤ ਕੀਤੀ ਹੈ ਪਰ ਸਰਕਾਰ ਦੀ ਕਿਸੇ ਵੀ ਏਜੰਸੀ ਵਲੋਂ ਮੱਕੀ ਦੀ ਖ਼ਰੀਦ ਤੋਂ ਪਾਸਾ ਵਟਣ ਦੀ ਨੀਤੀ ਸਦਕਾ ਮੱਕੀ ਦੀ ਖ਼ਰੀਦ ਦਾ ਭਾਅ ਪ੍ਰਾਈਵੇਟ ਵਪਾਰੀ ਦੇ ਰਹਿਮੋ ਕਰਨ 'ਤੇ ਹੀ ਨਿਰਭਰ ਹੈ¢ ਅਚਨਚੇਤ ਆਏ ਮੀਹਾਂ ਨਾ ਸਿਰਫ਼ ਮੱਕੀ ਦੀ ਫ਼ਸਲ ਵਿਚ ਸਿੱਲ੍ਹ ਦਾ ਵਾਧਾ ਕਰ ਦਿੱਤਾ ਹੈ | ਬਲਕਿ ਮੰਡੀਆਂ ਵਿਚ ਪਈ ਮੱਕੀ ਨੂੰ ਉੱਲੀ ਤੱਕ ਲੱਗਣ ਦੀ ਨੌਬਤ ਆ ਗਈ ਹੈ¢ ਅੱਜ ਸਥਾਨਕ ਅਨਾਜ ਮੰਡੀ ਵਿਚ ਵਿਕਣ ਆਈ ਮੱਕੀ ਦੀਆਂ ਪੰਜ ਢੇਰੀਆਂ ਵਿਚੋਂ 1800 ਤੋਂ ਲੈ ਕੇ 2165 ਕੁਇੰਟਲ ਤੱਕ ਹੀ ਮੱਕੀ ਦੇ ਭਾਅ ਲੱਗੇ ਹਨ¢ ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਨੇ ਦੱਸਿਆ ਕਿ ਸਰਕਾਰ ਨੇ ਸੁੱਕੀ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 2400 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਤਾਂ ਕੀਤਾ ਹੈ ਪਰ ਸੂਬੇ ਭਰ ਵਿਚ ਇਕ ਬੋਰੀ ਵੀ ਕਿਸੇ ਸਰਕਾਰੀ ਏਜੰਸੀ ਨੇ ਮੱਕੀ ਦੀ ਖ਼ਰੀਦ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਮੀਹਾਂ ਨਾਲ ਖ਼ਰਾਬ ਹੋਈ ਮੱਕੀ ਦੀ ਕੁਆਲਿਟੀ ਤੋਂ ਇਲਾਵਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਮੱਕੀ ਮੰਗਵਾਈ ਜਾਣ ਦੀਆਂ ਖ਼ਬਰਾਂ ਨੇ ਵੀ 100 ਰੁਪਏ ਪ੍ਰਤੀ ਕੁਇੰਟਲ ਮੱਕੀ ਦੀ ਭਾਅ ਘੱਟ ਕਰ ਦਿੱਤੇ ਹਨ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਮੱਕੀ ਘੱਟ ਰੇਟਾਂ 'ਤੇ ਵਿਕਣ ਕਾਰਨ ਨਾ ਸਿਰਫ਼ ਕਿਸਾਨ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਬਲਕਿ ਆੜ੍ਹਤੀਏ ਅਤੇ ਅਨਾਜ ਮੰਡੀ ਦੇ ਮਜ਼ਦੂਰਾਂ ਨੂੰ ਵੀ ਆਰਥਿਕ ਘਾਟਾ ਪਵੇਗਾ¢