ਪਟਿਆਲਾ, 21 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡ ਜੋ ਘੱਗਰ, ਟਾਂਗਰੀ ਤੇ ਮਾਰਕੰਡਾ ਨਾਲ ਲੱਗਦੇ ਹਨ, ਉਹ ਹਰ ਸਾਲ ਹੜ੍ਹਾਂ ਦੀ ਮਾਰ ਝੱਲਣ ਲਈ ਮਜ਼ਬੂਰ ਹਨ | ਇਸ ਲਈ ਇਨ੍ਹਾਂ ਹੜ੍ਹਾਂ ਦੇ ਬਚਾਅ ਲਈ ਆਰਜ਼ੀ ਪ੍ਰਬੰਧਾਂ ਦੀ ਥਾਂ ਪੱਕੇ ਹੱਲ ਕਰਨ ਦੀ ਜ਼ਰੂਰਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਨੌਰ ਅਤੇ ਘਨੌਰ ਹਲਕੇ ਦੇ ਪਿੰਡਾਂ ਦੇ ਦੌਰੇ ਤੋਂ ਬਾਅਦ ਨਿਊ ਮੋਤੀ ਬਾਗ ਵਿਖੇ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਸ੍ਰੀਪਦ ਯੈਸੋ ਨਾਇਕ ਨੇ ਕੀਤਾ | ਉਨ੍ਹਾਂ ਕਿਹਾ ਕਿ ਘੱਗਰ, ਟਾਂਗਰੀ ਅਤੇ ਮਾਰਕੰਡਾ ਦੀ ਮਾਰ ਤੋਂ ਕਿਸਾਨ ਅਤੇ ਹੋਰ ਲੋਕ ਡੂੰਘੇ ਦੁਖੀ ਹਨ | ਇਸ ਤੋਂ ਬਚਾਅ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਨਾਲ ਇਕ ਸਾਂਝੀ ਗੱਲਬਾਤ ਰਾਹੀਂ ਇਸ ਅੰਤਰਰਾਜੀ ਮੁੱਦੇ ਦਾ ਹੱਲ ਕੱਢਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਲਈ ਉਹ ਕੇਂਦਰੀ ਜਲ ਕਮਿਸ਼ਨ ਨਾਲ ਇਸ ਦੇ ਤਕਨੀਕੀ ਪੱਖਾਂ ਨੂੰ ਵਿਚਾਰਨਗੇ | ਪ੍ਰਨੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹੜ੍ਹਾਂ 'ਚ ਮਹਿਜ਼ ਡਰਾਮੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਕੋਈ ਕਾਮੇਡੀ ਸਟੇਜ ਨਹੀਂ, ਪੰਜਾਬ ਲਈ ਜ਼ਿੰਮੇਵਾਰੀ ਅਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰ ਕੇ ਝੂਠੇ ਲਾਰਿਆਂ ਨੂੰ ਸੱਚ ਸਾਬਤ ਕਰਨ ਵਿਚ ਰੁੱਝੇ ਹੋਏ ਹਨ | ਇਸ ਮੌਕੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ, ਜਸਪਾਲ ਸਿੰਘ ਗੰਗਰੌਲੀ, ਬਿਕਰਮਜੀਤ ਇੰਦਰ ਸਿੰਘ ਚਾਹਲ, ਨਾਰਾਇਣ ਸਿੰਘ ਨਰਸੌਤ, ਵਿਜੈ ਕੁਮਾਰ ਕੂਕਾ, ਹਰਦੇਵ ਬੱਲੀ, ਸਿਕੰਦਰ ਚੌਹਾਨ, ਹਰਮੇਸ਼ ਗੋਇਲ ਤੇ ਹੋਰ ਆਗੂ ਵੀ ਮੌਜੂਦ ਸਨ |
ਘੱਗਰ, ਟਾਂਗਰੀ ਤੇ ਮਾਰਕੰਡਾ ਦੀ ਮਾਰ ਤੋਂ ਬਚਣ ਦੇ ਪੱਕੇ ਹੱਲ ਲਈ ਯਤਨ ਕੀਤੇ ਜਾਣਗੇ-ਕੇਂਦਰੀ ਮੰਤਰੀ ਨਾਇਕ <br/>
ਅਜੀਤ ਡੈਸਕ
22-09-2025