ਚੰਡੀਗੜ੍ਹ, 17 ਅਕਤੂਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਪੂਰੇ ਸੂਬੇ ਵਿਚ ਮਨਾਇਆ ਜਾਵੇਗਾ | ਇਸ ਦੇ ਲਈ ਆਗਾਮੀ ਇਕ ਨਵੰਬਰ ਤੋਂ 25 ਨਵੰਬਰ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਕੁਰੂਕਸ਼ੇਤਰ ਵਿਚ ਇਕ ਸਮਾਰੋਹ ਕਰਵਾਇਆ ਜਾਵੇਗਾ | ਮੁੱਖ ਮੰਤਰੀ ਇਥੇ ਆਪਣੇ ਸਰਕਾਰੀ ਆਵਾਸ ਸੰਤ ਕਬੀਰ ਕੁਟੀਰ ਵਿਚ ਉਕਤ ਪ੍ਰੋਗਰਾਮ ਦੀ ਤਿਆਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ | ਮੀਟਿੰਗ ਵਿਚ ਮੁੱਖ ਮੰਤਰੀ ਨੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਸੂਚਨਾ, ਜਨ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੂਰੰਗ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸ਼ਾਸਨ) ਵਰਸ਼ਾ ਖਾਂਗਵਾਲ, ਮੁੱਖ ਮੰਤਰੀ ਦੇ ਓ.ਐਸ.ਡੀ. ਪ੍ਰਭਲੀਨ ਸਿੰਘ ਅਤੇ ਵੀਰੇਂਦਰ ਬੜਖਾਲਸਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਕਰਵਾਏ ਜਾ ਰਹੇ ਸਾਰੇ ਪ੍ਰੋਗਰਾਮਾਂ ਵਿਚ ਸਕੂਲੀ ਬੱਚਿਆਂ ਤੋਂ ਲੈ ਕੇ ਵਿਸ਼ੇਸ਼ ਵਿਅਕਤੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕਰਵਾਉਣ ਤਾਂ ਜੋ ਲੋਕ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੋਂ ਪੇ੍ਰਰਨਾ ਲੈ ਸਕਣ | ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਇਕ ਨਵੰਬਰ ਨੂੰ ਅੰਬਾਲਾ ਵਿਚ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ, ਇਸ ਕੈਂਪ ਦਾ ਉਦਘਾਟਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ | ਇਸ ਤੋਂ ਬਾਅਦ ਤਿੰਨ ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਸਕੂਲੀ ਬੱਚਿਆਂ ਦੀ ਲੇਖ ਮੁਕਾਬਲੇ ਕਰਵਾਏ ਜਾਣਗੇ | ਇਹ ਮੁਕਾਬਲੇ ਹਿੰਦੀ, ਅੰਗਰੇਜ਼ੀ, ਪੰਜਾਬੀ ਅਤੇ ਸੰਸਕਿ੍ਤ ਭਾਸ਼ਾ ਵਿਚ ਹੋਣਗੇ | ਪੰਜ ਨਵੰਬਰ ਨੂੰ 1984 ਦੇ ਦੰਗਿਆਂ ਵਿਚ ਪੀੜਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ | ਮੁੱਖ ਮੰਤਰੀ ਨੂੰ ਪ੍ਰੋਗਰਾਮ ਦੀ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 8 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਰੋੜੀ (ਸਿਰਸਾ) ਤੋਂ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਅਰਦਾਸ ਅਤੇ ਯਾਤਰਾ ਨੂੰ ਮੁੱਖ ਮੰਤਰੀ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ | ਉਸੇ ਦਿਨ ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ ਵਿਚ ਗੁਰੂ ਤੇਗ਼ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਅਤੇ ਭਾਈ ਜੇਤਾ ਦੇ ਜੀਵਨ ਦਰਸ਼ਨ 'ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਦਾ ਉਦਘਾਟਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ | ਉਥੇ ਹੀ ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਕਾਫੀ ਟੇਬਲ ਬੁੱਕ ਦੀ ਵੀ ਘੁੰਡ ਚੁਕਾਈ ਕੀਤੀ ਜਾਵੇਗੀ | ਇਸ ਦੇ ਅਗਲੇ ਦਿਨ 9 ਨਵੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਕਰਨਾਲ ਵਿਚ ਹਿੰਦ ਦੀ ਚਾਦਰ ਨਾਂਅ ਹੇਠ ਮੈਰਾਥਨ ਦੌੜ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪਿੰਜੌਰ ਖੇਤਰ ਦੇ ਮਾਰਵਾਲਾ ਤੋਂ 11 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਚੱਲ ਰਹੀ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ | ਫਰੀਦਾਬਾਦ ਤੋਂ 14 ਨਵੰਬਰ ਨੂੰ ਯਾਤਰਾ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਸੋਨੀਪਤ ਜ਼ਿਲ੍ਹਾ ਦੇ ਪਿੰਡ ਬੜਖਾਲਸਾ 'ਚ ਦਾਦਾ ਕੁਸ਼ਲ ਸਿੰਘ ਦਹੀਆ ਦੇ ਜੀਵਨ 'ਤੇ ਪ੍ਰੋਗਰਾਮ ਹੋਵੇਗਾ | ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ 'ਤੇ 18 ਨਵੰਬਰ ਨੂੰ ਮੁੱਖ ਮੰਤਰੀ ਵਲੋਂ ਯਮੁਨਾਨਗਰ ਜ਼ਿਲ੍ਹਾ ਦੇ ਕਲੇਸਰ ਵਿਚ 'ਵਨ ਅਤੇ ਜੰਗਲੀ ਜੀਵ ਸਰੰਖਣ ਕੇਂਦਰ' ਦਾ ਨੀਂਹ ਪੱਥਰ ਰੱਖਿਆ ਜਾਵੇਗਾ | ਉਸੇ ਦਿਨ ਕਪਾਲਮੋਚਨ ਤੋਂ ਗੁਰੂ ਤੇਗ਼ ਬਹਾਦਰ ਜੀ ਯਾਤਰਾ ਨੂੰ ਵੀ ਮੁੱਖ ਮੰਤਰੀ ਝੰਡੀ ਦਿਖਾ ਕੇ ਰਵਾਨਾ ਕਰਣਗੇ, 18 ਨਵੰਬਰ ਨੂੰ ਹੀ ਪੇਹਵਾ ਵਿਚ ਬੰਜਾਰਾ ਅਤੇ ਲੁਬਾਨਾ ਕਮਿਊਨਿਟੀ ਦੀ ਪ੍ਰਸਿੱਧ ਹਸਤੀਆਂ ਦੀ ਯਾਦ ਵਿਚ ਪ੍ਰੋਗਰਾਮ ਕੀਤਾ ਜਾਵੇਗਾ, ਜਿਸ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ | ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ 24 ਨਵੰਬਰ ਨੂੰ ਕੁਰੂਕਸ਼ੇਤਰ ਵਿਚ ਸਰਵ ਧਰਮ ਸੰਮੇਲਨ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ | ਇਸ ਤੋਂ ਬਾਅਦ 25 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਪ੍ਰੋਗਰਾਮਾਂ ਦੀ ਸੰਪੰਨਤਾ ਮੌਕੇ ਕੁਰੂਕਸ਼ੇਤਰ ਵਿਚ ਵਿਸ਼ਾਲ ਸਮਾਰੋਹ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਤੋਂ ਇਲਾਵਾ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਣਗੀਆਂ | ਇਸ ਸਮਾਰੋਹ ਵਿਚ 350 ਲੜਕੀਆਂ ਪ੍ਰੰਪਰਾਗਤ ਸ਼ੈਲੀ ਵਿਚ ਕੀਰਤਨ ਕਰਨਗੀਆਂ, ਉਥੇ ਹੀ 'ਸੈਂਡ ਆਰਟ ਮਿਊਜ਼ੀਕਲ ਸ਼ੋਅ ਅਤੇ ਲਾਈਟ ਐਂਡ ਸਾਊਾਡ ਸ਼ੋਅ' ਦੇ ਪ੍ਰੋਗਰਾਮ ਵੀ ਹੋਣਗੇ |