ਕੋਟ ਈਸੇ ਖਾਂ, 16 ਜੂਨ (ਗੁਰਮੀਤ ਸਿੰਘ ਖ਼ਾਲਸਾ)-ਲੁਧਿਆਣਾ ਪੱਛਮੀ ਉਪ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਲੋਕਾਂ ਵਲੋਂ ਮਿਲ ਰਹੇ ਸਮਰਥਨ ਸਦਕਾ ਵੱਡੇ ਫ਼ਰਕ ਨਾਲ ਸੀਟ ਜਿੱਤਣਗੇ ਤੇ ਆਮ ਆਦਮੀ ਪਾਰਟੀ ਸਮੇਤ ਦੂਜੇ ਵਿਰੋਧੀ ਉਮੀਦਵਾਰਾਂ ਨੂੰ ਲੋਕ ਨਕਾਰ ਦੇਣਗੇ | ਇਹ ਪ੍ਰਗਟਾਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਭਰਾਤਾ ਐਨ.ਆਰ.ਆਈ. ਇਕਬਾਲ ਸਿੰਘ ਸਮਰਾ, ਕਾਂਗਰਸੀ ਆਗੂ ਗੁਰਮੁਖ ਸਿੰਘ ਘਲੋਟੀ, ਆੜ੍ਹਤੀ ਗੁਰਭੇਜ ਸਿੰਘ ਕਾਦਰਵਾਲਾ, ਕਾਂਗਰਸੀ ਆਗੂ ਰਾਜ ਕਾਦਰਵਾਲਾ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਧਰਮ ਨਿਰਪੱਖ ਤੇ ਹਰ ਇਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਕਾਂਗਰਸ ਪਾਰਟੀ ਜੋ ਹਮੇਸ਼ਾ ਹਰ ਵਰਗ ਲਈ ਸਮਾਨਤਾ ਦੀ ਗੱਲ ਕਰਦੀ ਹੈ, ਜਦਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ-ਵੱਡੇ ਤੇ ਝੂਠੇ ਵਾਅਦੇ ਕਰਕੇ ਬਦਲਾਅ ਦੇ ਨਾਂਅ 'ਤੇ ਸੱਤਾ ਹਾਸਲ ਕੀਤੀ ਪਰ ਜੋ ਹਾਲਾਤ ਸੂਬੇ ਦੇ ਬਣਾ ਦਿੱਤੇ, ਉਸ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ ਤੇ ਲੁਧਿਆਣਾ ਪੱਛਮੀ ਉਪ ਚੋਣ ਵਿਚ ਵੀ ਲੋਕ ਆਪ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿਚ ਡਟ ਕੇ ਖੜੇ ਹਨ | ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਤੇ ਕਾਂਗਰਸ ਜ਼ਿਲ੍ਹਾ ਮੋਗਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਸਮੁੱਚੀ ਟੀਮ ਵਲੋਂ ਕਾਂਗਰਸੀ ਉਮੀਦਵਾਰ ਆਸ਼ੂ ਦੇ ਹੱਕ 'ਚ ਡਟ ਕੇ ਚੋਣ ਪ੍ਰਚਾਰ ਕੀਤਾ ਗਿਆ ਤੇ ਲੋਕਾਂ ਵਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਤੇ ਆਸ਼ੂ ਵੱਡੇ ਫ਼ਰਕ ਨਾਲ ਇਹ ਸੀਟ ਜਿੱਤਣਗੇ |