ਮੋਗਾ, 17 ਜੂਨ (ਗੁਰਤੇਜ ਸਿੰਘ ਬੱਬੀ)-ਸੀ. ਆਰ. ਓ. ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲੀਗਲ ਮੇਟਰੇਲੋਜੀ ਵਿਭਾਗ ਅਰਥਾਤ ਨਾਪ ਤੋਲ ਵਿਭਾਗ ਦੇ ਸੂਬਾ ਕੰਟਰੋਲਰ ਮਨੋਹਰ ਸਿੰਘ ਦੇ ਸੱਦੇ 'ਤੇ ਉਹ ਅਨਾਜ ਭਵਨ ਚੰਡੀਗੜ੍ਹ ਦਫਤਰ ਵਿਚ ਪਹੁੰਚੇ ਸੀ ਜਿੱਥੇ ਸੂਬਾ ਕੰਟਰੋਲਰ ਨੇ ਸੀ. ਆਰ. ਓ. ਪੰਜਾਬ ਨੂੰ ਖਪਤਕਾਰਾਂ ਦੇ ਅਧਿਕਾਰਾਂ ਲਈ ਲੜਾਈ ਲੜਨ ਲਈ ਵਧਾਈ ਦਿੱਤੀ | ਇਸ ਮੀਟਿੰਗ ਵਿਚ ਪੰਜਾਬ ਭਰ ਵਿਚ ਹੋ ਰਹੇ ਆਮ ਖਪਤਕਾਰਾਂ ਨਾਲ ਜਾਣੇ ਅਨਜਾਣੇ ਹੋ ਰਹੀਆਂ ਠੱਗੀਆਂ ਬਾਰੇ ਪੰਕਜ ਸੂਦ ਨੇ ਕੰਟਰੋਲਰ ਨੂੰ ਜਾਣੂ ਕਰਵਾਇਆ | ਲਗਪਗ ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿਚ ਗੈਸ ਸਿਲੰਡਰ ਵਿਚੋਂ ਗੈਸ ਦੀ ਚੋਰੀ, ਪੈਟਰੋਲ ਪੰਪਾਂ ਦੇ ਡੀਜ਼ਲ ਪੈਟਰੋਲ ਦੇ ਸਹੀ ਮਾਪ ਬਾਰੇ ਅਤੇ ਸਬਜ਼ੀ ਮੰਡੀਆਂ ਵਿਚ ਖਪਤਕਾਰਾਂ ਨੂੰ ਤੋਲਣ ਵਾਲੇ ਕੰਡੇ ਦੀਆਂ ਹੇਰਾਫੇਰੀਆਂ ਬਾਰੇ ਡੂੰਘੀ ਚਰਚਾ ਹੋਈ | ਸੂਬਾ ਕੰਟਰੋਲਰ ਮਨੋਹਰ ਸਿੰਘ ਨੇ ਪੰਕਜ ਸੂਦ ਵਲੋਂ ਦਿੱਤੇ ਸੁਝਾਵਾਂ 'ਤੇ ਹਾਮੀ ਭਰੀ ਅਤੇ ਸੀ. ਆਰ. ਓ. ਪੰਜਾਬ ਟੀਮ ਨੂੰ ਇਸ ਮਸਲੇ 'ਤੇ ਪੰਜਾਬ ਨਾਪ ਤੋਲ ਵਿਭਾਗ ਨਾਲ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪੰਕਜ ਸੂਦ ਵਲੋਂ ਦਿੱਤੇ ਸੁਝਾਅ 'ਤੇ ਕੰਟਰੋਲਰ ਨੇ ਕਿਹਾ ਕਿ ਮੋਗਾ ਵਿਖੇ ਜਲਦੀ ਹੀ ਇਕ ਪੰਜਾਬ ਪੱਧਰ ਦਾ ਜਾਗਰੂਕਤਾ ਸੈਮੀਨਾਰ ਕਰਵਾਇਆ ਜਾਵੇਗਾ ਤਾਂ ਕਿ ਖਪਤਕਾਰਾਂ ਲਈ ਜਾਗਰੂਕਤਾ ਫੈਲਾਈ ਜਾ ਸਕੇ | ਇਸ ਮੌਕੇ ਸੀ. ਆਰ. ਓ. ਪੰਜਾਬ ਦੇ ਪ੍ਰਧਾਨ ਪੰਕਜ ਸੂਦ ਅਤੇ ਸਟੇਟ ਯੂਥ ਵਿੰਗ ਜਨਰਲ ਸੈਕਟਰੀ ਰੂਪਮ ਅਰੋੜਾ ਵਲੋਂ ਸੂਬਾ ਕੰਟਰੋਲਰ ਨੂੰ ਸਨਮਾਨਿਤ ਕੀਤਾ ਗਿਆ |