29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਵਾ ਸਾਲ ਤੋਂ ਕੋਟ ਈਸੇ ਖਾਂ 'ਚ ਹੱਡਾ ਰੋੜੀ ਬੰਦ ਹੋਣ ਕਾਰਨ ਮੁਸ਼ਕਿਲਾਂ ਬਰਕਰਾਰ

ਅਜੀਤ ਡੈਸਕ 18-06-2025
ਕੋਟ ਈਸੇ ਖਾਂ, 17 ਜੂਨ (ਗੁਰਮੀਤ ਸਿੰਘ ਖਾਲਸਾ)-ਸਥਾਨਕ ਸ਼ਹਿਰ ਦੀ ਪੁਰਾਣੀ ਹੱਡਾ ਰੋੜੀ ਜੋ ਸ਼ਹਿਰ ਦੀ ਹੱਦ ਅੰਦਰ ਗਹਿਲੀ ਵਾਲਾ ਰੋਡ 'ਤੇ ਸੀ, ਨੂੰ ਨਗਰ ਪੰਚਾਇਤ ਵਲੋਂ ਸੁਚਾਰੂ ਢੰਗ ਨਾਲ ਚਲਵਾਉਣ ਦੀ ਬਜਾਏ ਉਲਟਾ ਡੇਢ ਸਾਲ ਪਹਿਲਾਂ ਬੰਦ ਕਰਵਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ਹਿਰ ਦੀ ਹਦੂਦ ਅੰਦਰ ਮਰੇ ਪਸ਼ੂਆਂ ਨੂੰ ਲਿਜਾਣ ਵਾਸਤੇ ਕੋਈ ਹੋਰ ਜਗ੍ਹਾ ਨਾ ਹੋਣ ਕਰਕੇ ਲੋਕਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ | ਜ਼ਿਕਰਯੋਗ ਹੈ ਕਿ ਡੇਢ ਕੁ ਸਾਲ ਪਹਿਲਾਂ ਕਰੀਬ 5 ਲੱਖ ਸਾਲਾਨਾ ਠੇਕੇ 'ਤੇ ਚੱਲ ਰਹੀ ਹੱਡਾ ਰੋੜੀ 'ਚ ਨਿਯਮਾਂ ਦੇ ਉਲਟ ਕੋਟ ਈਸੇ ਖਾਂ ਤੋਂ ਬਾਹਰਲੇ ਪਸ਼ੂ ਲਿਆਉਣ ਦਾ ਮਾਮਲਾ ਭਖਿਆ ਸੀ, ਜਿਸ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਬਜਾਏ ਕੁਝ ਲੋਕਾਂ ਦੀ ਸਿਫਾਰਿਸ਼ 'ਤੇ ਨਗਰ ਪੰਚਾਇਤ ਵਲੋਂ ਹੱਡਾ ਰੋੜੀ ਨੂੰ ਹੀ ਬੰਦ ਕਰ ਦਿੱਤਾ ਗਿਆ | ਜਿਸ ਨਾਲ ਸ਼ਹਿਰ ਵਿਚ ਜਿਹੜੇ ਪਸ਼ੂ ਪਾਲਕਾਂ ਵਲੋਂ ਪਸ਼ੂ ਰੱਖੇ ਹੋਏ ਹਨ ਜਾਂ ਸ਼ਹਿਰ ਵਿਚ ਹੋਰ ਵੀ ਕੋਈ ਆਵਾਰਾ ਪਸ਼ੂ ਜਾਂ ਜਾਨਵਰ ਹੁੰਦੇ ਹਨ ਉਨ੍ਹਾਂ ਦੀ ਜਦੋਂ ਕਿਤੇ ਵੀ ਮੌਤ ਹੁੰਦੀ ਹੈ ਤਾਂ ਪਸ਼ੂਆਂ, ਜਾਨਵਰਾਂ ਨੂੰ ਚੁਕਵਾਉਣ ਲਈ ਵੱਡੀ ਮੁਸੀਬਤ ਬਣ ਜਾਂਦੀ ਹੈ ਤੇ ਕਈ ਵਾਰ ਤਾਂ ਪਸ਼ੂ ਕੁਝ ਦਿਨ ਆਸੇ ਪਾਸੇ ਪਏ ਰਹਿਣ ਕਰਕੇ ਬਦਬੋ ਤੇ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ | ਇਕ ਪਾਸੇ ਸਰਕਾਰਾਂ ਵਲੋਂ ਦੁੱਧ ਹੀ ਪੈਦਾਵਾਰ ਵਧਾਉਣ ਵਾਸਤੇ ਪਸ਼ੂ ਪਾਲਣ ਲਈ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਜਦੋਂ ਸਮੇਂ ਦੇ ਨਾਲ ਜਾਂ ਕਿਸੇ ਬਿਮਾਰੀ ਕਾਰਨ ਪਸ਼ੂ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਹੱਲ ਲਈ ਹਰ ਪਿੰਡਾਂ ਸ਼ਹਿਰਾਂ ਵਿਚ ਹੱਡਾ ਰੋੜੀਆਂ ਲਈ ਪੱਕੀ ਜਗ੍ਹਾ ਨਿਸ਼ਚਿਤ ਹੁੰਦੀ ਹੈ ਪਰ ਦੂਜੇ ਪਾਸੇ ਜੇਕਰ ਪਹਿਲਾਂ ਤੋਂ ਚਲਦੀਆਂ ਹੱਡਾਂ ਰੋੜੀਆਂ ਬੰਦ ਹੋ ਜਾਣ ਤਾਂ ਸੰਬੰਧਿਤ ਲੋਕ ਮਜਬੂਰੀ ਵੱਸ ਪਸ਼ੂ ਰੱਖਣੇ ਵੀ ਬੰਦ ਕਰ ਜਾਣਗੇ | ਸ਼ਹਿਰ ਅੰਦਰ ਬੰਦ ਹੱਡਾ ਰੋੜੀ ਦੀ ਮੁਸ਼ਕਿਲ ਦੇ ਚੱਲਦਿਆਂ ਸਥਾਨਕ ਗਊਸ਼ਾਲਾ ਵਿਚ 4 ਮਿ੍ਤਕ ਗਊਆਂ, ਵੱਛੀਆਂ ਦਿਖਾਉਂਦੇ ਹੋਏ ਗਊ ਸੇਵਕ ਰਾਹੁਲ ਸਚਦੇਵਾ ਤੇ ਹੋਰਨਾਂ ਸੇਵਾਦਾਰਾਂ ਨੇ ਕਿਹਾ ਕਿ ਕਰੀਬ ਦੋ ਤਿੰਨ ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਇਨ੍ਹਾਂ ਦੀ ਮੌਤ ਹੋ ਗਈ ਤੇ ਹੱਡਾ ਰੋੜੀ ਬੰਦ ਹੋਣ ਕਾਰਨ ਇਨ੍ਹਾਂ ਨੂੰ ਇੱਥੋਂ ਚੁਕਵਾਉਣ ਲਈ ਨਗਰ ਪੰਚਾਇਤ ਦੇ ਧਿਆਨ 'ਚ ਵੀ ਲਿਆਂਦਾ ਗਿਆ ਤੇ ਹੋਰ ਲੋਕਾਂ ਨਾਲ ਵੀ ਗੱਲ ਕੀਤੀ ਗਈ ਪਰ ਅਜੇ ਹੱਲ ਨਹੀਂ ਹੋਇਆ ਤੇ ਬਦਬੂ ਮਾਰਨ ਕਾਰਨ ਨੇੜੇ ਮੁਹੱਲੇ ਵਾਲੇ ਵੀ ਪ੍ਰੇਸ਼ਾਨ ਹਨ | ਉਨ੍ਹਾਂ ਮੰਗ ਕੀਤੀ ਕਿ ਹੱਡਾ ਰੋੜੀ ਨੂੰ ਸਹੀ ਢੰਗ ਨਾਲ ਠੇਕੇ 'ਤੇ ਦੇ ਕੇ ਨਗਰ ਪੰਚਾਇਤ ਵਲੋਂ ਮੁੜ ਚਲਾਇਆ ਜਾਵੇ | ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਕਿਹਾ ਕਿ ਸ਼ਹਿਰ ਦੀ ਬੰਦ ਕੀਤੀ ਹੱਡਾ ਰੋੜੀ ਨੂੰ ਚਲਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਸ਼ਹਿਰ ਅੰਦਰ ਕਿਤੇ ਵੀ ਪਸ਼ੂ ਦੀ ਮੌਤ ਹੋਣ ਕਾਰਨ ਲੋਕ ਮਜਬੂਰੀ ਵੱਸ ਪਸ਼ੂਆਂ ਨੂੰ ਇੱਧਰ ਉਧਰਲੀਆਂ ਖਾਲੀ ਪਈਆਂ ਥਾਵਾਂ ਵੇਖ ਕੇ ਰਾਤੇ ਬਰਾਤੇ ਸੁੱਟ ਜਾਂਦੇ ਹਨ | ਮਸਲੇ ਸਬੰਧੀ ਨਗਰ ਪੰਚਾਇਤ ਪ੍ਰਧਾਨ ਸ਼ਿੰਦਰ ਕੌਰ ਦੇ ਪਤੀ ਪ੍ਰਕਾਸ਼ ਸਿੰਘ ਰਾਜਪੂਤ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਅੰਦਰ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਤੇ ਹੱਡਾ ਰੋੜੀ ਵਾਲੇ ਪਾਸੇ ਵੀ ਵਾਟਰ ਟਰੀਟਮੈਂਟ ਪਲਾਂਟ ਦੇ ਕਾਮੇ ਕੰਮ ਕਰਦੇ ਹਨ | ਦੋ ਤੋਂ ਤਿੰਨ ਮਹੀਨੇ ਦੇ ਹੋਰ ਇੰਤਜ਼ਾਰ ਬਾਅਦ ਹੱਡਾ ਰੋੜੀ ਮੁੜ ਚਲਾ ਦਿੱਤੀ ਜਾਵੇਗੀ | ਮਸਲੇ ਸਬੰਧੀ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਧਿਆਨ ਵਿਚ ਹੈ | ਇਸ ਲਈ ਹੱਡਾ ਰੋੜੀ ਮੁੜ ਚਲਵਾਉਣ ਲਈ ਮਸਲਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਧਿਆਨ ਵਿਚ ਲਿਆਂਦਾ ਜਾਵੇਗਾ |
ਪਿਛਲੀ ਖ਼ਬਰ ਸੇਖਾ ਕਲਾਂ 'ਚ ਵਿਕਾਸ ਕਾਰਜਾਂ ਨੂੰ ਮਿਲੀ ਰਫਤਾਰ ਅਗਲੀ ਖ਼ਬਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਜਿੱਤ ਯਕੀਨੀ-ਖਣਮੁਖ, ਡੱਲਾ, ਤਲਵੰਡੀ ਭੰਗੇਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।