ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ)-ਅੱਜ ਜ਼ਿਲ੍ਹਾ ਮੋਗਾ ਦਾ ਸਮੁੱਚਾ ਅਕਾਲੀ ਦਲ 'ਅਜੀਤ' ਉਪ ਦਫ਼ਤਰ ਵਿਸ਼ੇਸ਼ ਤੌਰ 'ਤੇ ਪੁੱਜੇ ਜਿਸ ਵਿਚ ਕੋਰ ਕਮੇਟੀ ਮੈਂਬਰ ਤੇ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਹਲਕਾ ਮੋਗਾ ਤੋਂ ਇੰਚਾਰਜ ਤੇ ਕੌਮੀ ਮੀਤ ਪ੍ਰਧਾਨ ਸੰਜੀਤ ਸਿੰਘ ਸਨੀ ਗਿੱਲ, ਹਲਕਾ ਨਿਹਾਲ ਸਿੰਘ ਵਾਲਾ ਤੋਂ ਇੰਚਾਰਜ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਧਰਮਕੋਟ ਕੌਮੀ ਮੀਤ ਪ੍ਰਧਾਨ ਤੇ ਇੰਚਾਰਜ ਲੋਕ ਸਭਾ ਹਲਕਾ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਆਗੂਆਂ ਨੇ ਕਿਹਾ ਕਿ ਇਨਸਾਨੀਅਤ ਦੀ ਮਦਦ ਕਰਨ ਲਈ ਸਾਡੇ ਪੰਜਾਬੀ ਇਕ ਕਰ ਕੇ ਮੰਨੇ ਜਾਂਦੇ ਹਨ | ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੂਰੇ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਗਈ | ਉਨ੍ਹਾਂ ਨੇ ਸਮੁੱਚੇ ਪੰਜਾਬ ਵਿਚ ਕੋਰ ਕਮੇਟੀ ਮੈਂਬਰਾਂ, ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨ ਤੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਡਿਊਟੀਆਂ ਤਹਿ ਕੀਤੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸਾਨਾਂ ਦੇ ਖੇਤਾਂ ਵਿਚੋਂ ਰੇਤਾ ਕੱਢ ਕੇ ਉਨ੍ਹਾਂ ਨੂੰ ਵਾਹੀਯੋਗ ਬਣਾਉਣ ਤੇ ਇਸ ਦਾ ਸਮੁੱਚਾ ਖ਼ਰਚਾ ਸ਼੍ਰੋਮਣੀ ਅਕਾਲੀ ਦਲ ਹੀ ਕਰੇਗਾ | ਆਗੂਆਂ ਨੇ ਕਿਹਾ ਕਿ ਅਦਾਰਾ 'ਅਜੀਤ' ਵਲੋਂ ਜੋ ਰਾਹਤ ਫ਼ੰਡ ਸਕੀਮ ਚਲਾਈ ਗਈ ਹੈ ਇਹ ਕੋਈ ਨਵੀਂ ਨਹੀਂ, ਕਿਉਂਕਿ ਜਦੋਂ ਵੀ ਪੰਜਾਬ 'ਤੇ ਕੋਈ ਆਫ਼ਤ ਜਾਂ ਭੀੜ ਪਈ ਤਾਂ ਅਦਾਰਾ 'ਅਜੀਤ' ਹਮੇਸ਼ਾ ਪੰਜਾਬ ਦੇ ਨਾਲ ਖੜਿਆ ਹੈ | ਆਗੂਆਂ ਨੇ ਕਿਹਾ ਕਿ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਸੂਬਾ ਸਰਕਾਰ ਕੇਂਦਰ ਵਲੋਂ ਮਿਲੇ ਫ਼ੰਡਾਂ ਦੀ ਦੁਰਵਰਤੋਂ ਕਰ ਰਹੀ ਹੈ ਜਦ ਕਿ ਪਿੰਡਾਂ ਵਿਚ ਜਿਨ੍ਹਾਂ ਪੰਚਾਇਤਾਂ ਦੀਆਂ ਜ਼ਮੀਨਾਂ ਨੈਸ਼ਨਲ ਹਾਈਵੇ ਅਥਾਰਿਟੀ ਅੰਦਰ ਆਈਆਂ ਹਨ ਉਨ੍ਹਾਂ ਤੋਂ ਜਬਰੀ ਚੈੱਕ ਲੈ ਕੇ ਉਨ੍ਹਾਂ ਨੂੰ ਹੜ੍ਹ ਰਾਹਤ ਫ਼ੰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਦ ਕਿ ਇਹ ਇਕ ਗ਼ੈਰ-ਕਾਨੂੰਨੀ ਕਦਮ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਤੇ ਸੂਬਾ ਸਰਕਾਰ ਦੀਆਂ ਆਪਣੀਆਂ ਗ਼ਲਤੀਆਂ ਕਾਰਨ ਹੀ ਪੰਜਾਬ ਅੱਜ ਹੜ੍ਹਾਂ ਦੀ ਤਰਾਸਦੀ ਭੋਗ ਰਿਹਾ ਹੈ | ਉਨ੍ਹਾਂ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਹੜ੍ਹ ਰਾਹਤ ਫ਼ੰਡ ਸ਼ੁਰੂ ਕਰਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |