ਕੋਟ ਈਸੇ ਖਾਂ, 21 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਤੋਂ ਆਪਣੇ ਪਿੰਡ ਭਾਗਪੁਰ ਗਗੜਾ ਨੂੰ ਜਾ ਰਹੇ ਦੁਕਾਨਦਾਰ ਕੋਲੋਂ ਅਣਪਛਾਤੇ ਨਸ਼ਈ ਕਿਸਮ ਦੇ ਲੁਟੇਰਿਆਂ ਨੇ ਮੋਟਰਸਾਈਕਲ, ਮੋਬਾਈਲ ਤੇ ਹੋਰ ਸਮਾਨ ਖੋਹਣ ਦੀ ਘਟਨਾ ਨੂੰ ਅੰਜਾਮ ਦਿੱਤਾ | ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਭਾਗਪੁਰ ਗਗੜਾ ਜੋ ਕਿ ਕੋਟ ਈਸੇ ਖਾਂ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਆਮ ਦੀ ਤਰਾਂ ਲੰਘੇ ਸਨਿੱਚਰਵਾਰ ਸ਼ਹਿਰ ਤੋਂ ਵਾਪਸ ਰਾਤ ਕਰੀਬ 9 ਵਜੇ ਆਪਣੇ ਕਾਲੇ ਰੰਗ ਦੇ ਸਪਲੈਂਡਰ ਪਲੱਸ ਮੋਟਰਸਾਈਕਲ ਨੰਬਰ ਪੀ.ਬੀ 29 ਕੇ 5214 'ਤੇ ਪਿੰਡ ਭਾਗਪੁਰ ਗਗੜਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਪੈਟਰੋਲ ਪੰਪ ਦੇ ਨਜ਼ਦੀਕ ਦੋ ਮੋਟਰਸਾਈਕਲਾਂ 'ਤੇ ਸਵਾਰ ਛੇ ਅਣਪਛਾਤੇ ਨਸ਼ਈ ਕਿਸਮ ਦੇ ਲੁਟੇਰੇ, ਜਿਨਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਨੇ ਪ੍ਰੀਤਮ ਸਿੰਘ ਦਾ ਮੋਟਰਸਾਈਕਲ, ਮੋਬਾਈਲ, ਇਕ ਬੈਗ ਜਿਸ ਵਿਚ ਕਾਪੀਆਂ ਤੇ ਦੁਕਾਨ ਦੀਆਂ ਚਾਬੀਆਂ ਵਗ਼ੈਰਾ ਸਨ, ਖੋਹ ਕੇ ਪਿੰਡ ਗਗੜਾ ਤੋਂ ਚੀਮਾ ਵਾਲੇ ਰਸਤੇ ਵੱਲ ਦੀ ਫ਼ਰਾਰ ਹੋ ਗਏ | ਪ੍ਰੀਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਵਾਪਰਨ ਤੋ ਕੁੱਝ ਸਮੇਂ ਬਾਅਦ ਥਾਣਾ ਕੋਟ ਈਸੇ ਖਾਂ ਵਿਖੇ ਪੁੱਜ ਕੇ ਉਸ ਵਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ |