ਅਜੀਤਵਾਲ, 21ਸਤੰਬਰ (ਹਰਦੇਵ ਸਿੰਘ ਮਾਨ)-ਨਿਰਮਲ ਆਸ਼ਰਮ ਡੇਰਾ ਸਮਾਧਾਂ ਅਜੀਤਵਾਲ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਸਮੂਹ ਨਗਰ ਵਾਸੀ ਸੰਗਤਾਂ ਦੀ ਸੇਵਾ ਤੇ ਸਹਿਯੋਗ ਨਾਲ ਅਸਥਾਨ ਦੇ ਰਹਿ ਚੁੱਕੇ ਮਹਾਪੁਰਸ਼ਾਂ ਦੀ ਯਾਦ ਨੂੰ ਮਨਾਉਂਦਿਆਂ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ | ਤਿੰਨ ਦਿਨ ਅੰਮਿ੍ਤ ਵੇਲੇ ਅਤੇ ਸ਼ਾਮ ਸਮੇਂ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲੇ, ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਲਗਵਾਈਆਂ | ਅਖੰਡ ਪਾਠ ਦੇ ਭੋਗ ਸਮੇਂ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਨੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਮਹਾਪੁਰਸ਼ਾਂ ਵਲੋਂ ਦਰਸਾਏ ਸੇਵਾ ਸਿਮਰਨ ਦੇ ਰਸਤੇ ਤੇ ਚੱਲ ਕਿ ਜੀਵਨ ਸਫਲ ਕਰਨ ਦੀ ਬੇਨਤੀ ਕਰਦਿਆਂ ਦੱਸਿਆ ਕਿ ਅਸਥਾਨ ਦੇ ਮਹਾਪੁਰਸ਼ਾਂ ਨੇ ਸਾਰਾ ਜੀਵਨ ਸੰਗਤਾਂ ਅਤੇ ਨਗਰ ਦੀ ਭਲਾਈ ਦੇ ਕਾਰਜਾਂ ਲਈ ਬਤੀਤ ਕੀਤਾ ਤੇ ਸੰਗਤਾਂ ਨੂੰ ਵੀ ਆਪਸੀ ਭਾਈਚਾਰਕ ਸਾਂਝ ਨਾਲ ਕਰਮ ਕਰਦਿਆਂ ਬਜ਼ੁਰਗਾਂ ਦੀ ਸੇਵਾ, ਸੰਭਾਲ ਅਤੇ ਮਨੁੱਖਤਾ ਦੇ ਭਲੇ ਦਾ ਉਪਦੇਸ਼ ਦਿੱਤਾ | ਅਸਥਾਨ ਦੇ ਹਜ਼ੂਰੀ ਰਾਗੀ ਜਥੇ ਭਾਈ ਬਿਕਰਮ ਸਿੰਘ, ਭਾਈ ਪਰਮਜੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ | ਸਮਾਗਮਾਂ ਦੌਰਾਨ ਤਿੰਨੋਂ ਦਿਨ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤੇ ਸੰਤ ਬਾਬਾ ਬਲਵਿੰਦਰ ਸਿੰਘ ਨੇ ਆਈਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਨਗਰ ਅਤੇ ਇਲਾਕਾ ਵਾਸੀ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ |