ਮੋਗਾ, 16 ਅਕਤੂਬਰ (ਅਸ਼ੋਕ ਬਾਂਸਲ)-ਇਸ ਵਾਰ ਪੰਜਾਬ ਦੇ ਵਿਚ ਬਾਰਸ਼ ਜ਼ਿਆਦਾ ਪੈਣ ਕਾਰਨ ਝੋਨੇ ਦੀ ਕੁਆਲਿਟੀ ਤੇ ਅਸਰ ਪਿਆ ਹੈ ਜਿਸ ਨੂੰ ਪੰਜਾਬ ਸਰਕਾਰ ਦੀ ਮੰਗ ਤੇ ਦੇਖਣ ਲਈ ਅੱਜ ਖ਼ੁਰਾਕ ਮੰਤਰਾਲਿਆਂ ਭਾਰਤ ਸਰਕਾਰ ਦੇ ਅਸਿਸਟੈਂਟ ਡਾਇਰੈਕਟਰ ਪੁਨੀਤ ਕੁਮਾਰ ਤੇ ਉਨ੍ਹਾਂ ਦੀ ਟੀਮ ਵਲੋਂ ਮੋਗਾ ਮੰਡੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ ਮੈਡਮ ਅਤਿੰਦਰ ਕੌਰ, ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ, ਡੀ.ਐਮ.ਐਫ.ਸੀ.ਆਈ. ਡੀ.ਐਨ.ਨੰਦਾ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ, ਐਫ.ਸੀ.ਆਈ. ਦਾ ਟੈਕਨੀਕਲ ਸਟਾਫ਼, ਡੀ.ਐਫ.ਐਸ.ਓ. ਜਸਵਿੰਦਰ ਸਿੰਘ, ਏ.ਐਫ.ਐਸ.ਓ. ਗੁਰਲਾਲ ਸਿੰਘ, ਮਾਰਕੀਟ ਕਮੇਟੀ ਦੇ ਅਧਿਕਾਰੀ ਤੇ ਖ਼ਰੀਦ ਏਜੰਸੀਆਂ ਦੇ ਸਮੂਹ ਨਿਰੀਖਕ ਹਾਜ਼ਰ ਸਨ | ਇਸ ਮੌਕੇ ਭਾਰਤ ਸਰਕਾਰ ਦੇ ਖ਼ੁਰਾਕ ਮੰਤਰਾਲੇ ਵਲੋਂ ਭੇਜੀ ਗਈ ਟੀਮ ਵਲੋਂ ਅੱਜ ਮੋਗਾ ਮੰਡੀ ਵਿਚ ਖ਼ਰਾਬ ਹੋਏ ਝੋਨੇ ਦੀ ਕੁਆਲਿਟੀ ਦੇ ਸੈਂਪਲ ਲਏ ਗਏ | ਇਸ ਮੌਕੇ ਭਾਰਤ ਸਰਕਾਰ ਦੇ ਖ਼ੁਰਾਕ ਮੰਤਰਾਲਾ ਦੇ ਅਸਿਸਟੈਂਟ ਡਾਇਰੈਕਟਰ ਪੁਨੀਤ ਕੁਮਾਰ ਨੇ ਕਿਹਾ ਕਿ ਜੋ ਅੱਜ ਮੰਡੀ ਵਿਚੋਂ ਇਹ ਸੈਂਪਲ ਭਰੇ ਗਏ ਹਨ ਇਨ੍ਹਾਂ ਦੀ ਰਿਪੋਰਟ ਬਣਾ ਕੇ ਭਾਰਤ ਸਰਕਾਰ ਦੇ ਖ਼ੁਰਾਕ ਮੰਤਰਾਲੇ ਨੂੰ ਭੇਜੀ ਜਾਵੇਗੀ ਜਿਸ ਤੋਂ ਬਾਅਦ ਭਾਰਤ ਸਰਕਾਰ ਕੁਝ ਰਾਹਤ ਦੇ ਸਕਦੀ ਹੈ | ਇਸ ਮੌਕੇ ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਜ਼ਰੂਰਤ ਤੋਂ ਬਹੁਤ ਜ਼ਿਆਦਾ ਮੀਹ ਪੈਣ ਕਾਰਨ ਝੋਨੇ ਨੂੰ ਉੱਲੀ ਰੋਗ ਲੱਗ ਗਿਆ ਤੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਜਿਸ ਤੇ ਸਰਕਾਰ ਫ਼ੌਰੀ ਰਾਹਤ ਦਾ ਐਲਾਨ ਕਰੇ ਅਤੇ ਖ਼ਰੀਦ ਏਜੰਸੀਆਂ ਨੂੰ ਕਹਿ ਕੇ ਖ਼ਰੀਦ ਕਰਵਾਵੇ ਤਾਂ ਕਿ ਕਿਸਾਨਾਂ ਨੂੰ ਮੌਸਮ ਦੀ ਮਾਰ ਦੇ ਨਾਲ-ਨਾਲ ਮੰਡੀਆਂ ਵਿਚ ਵੀ ਰੁਲਣਾ ਨਾ ਪਵੇ | ਇਸ ਮੌਕੇ ਫੂਡ ਸਪਲਾਈ ਦੇ ਇੰਸਪੈਕਟਰ ਗੁਰਜੀਤ ਸਿੰਘ, ਮਾਰਕੀਟ ਮਾਰਕੀਟ ਕਮੇਟੀ ਦੇ ਲੇਖਾਕਾਰ ਪਰਮਿੰਦਰ ਸਿੰਘ ਦਾਤਾ, ਬਲਵੰਤ ਸਿੰਘ, ਜਗਰੂਪ ਸਿੰਘ ਬੋਨਾ, ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ, ਪਨਸਪ ਦੇ ਇੰਸਪੈਕਟਰ ਕਰਤਾਰ ਸਿੰਘ, ਨਵੀਨ ਸ਼ਰਮਾ, ਵੇਅਰ ਹਾਊਸ ਦੇ ਮੈਨੇਜਰ ਸੰਦੀਪ ਕੁਮਾਰ, ਐਫ.ਸੀ.ਆਈ ਦੇ ਟੀ.ਏ. ਪਰਮਿੰਦਰ ਕੁਮਾਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ, ਸਕੱਤਰ ਰਾਹੁਲ ਗਰਗ, ਕੈਸ਼ੀਅਰ ਹਿਤੇਸ਼ ਕੁਮਾਰ, ਵਿਪਨ ਕੁਮਾਰ ਬਿੱਟਾ, ਅਜੇ ਮੰਗਲਾ, ਮੁਰਾਰੀ ਸਿੰਗਲਾ, ਵਿਨੋਦ ਰਾਜਪਾਲ, ਰਵੀ ਧੀਰ, ਕਸ਼ਿਸ਼ ਬਾਂਸਲ, ਰਾਜ ਕੁਮਾਰ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆੜ੍ਹਤੀਏ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ |