ਲਹਿਰਾਗਾਗਾ, 18 ਜੂਨ (ਅਸ਼ੋਕ ਗਰਗ) - ਸਥਾਨਕ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਸ਼ੱਕੀ ਵਿਅਕਤੀਆਂ ਦੀ ਭਾਲਦੇ ਸੰਬੰਧ ਵਿਚ ਰਾਮਗੜ੍ਹ ਸੰਧੂਆਂ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸ਼ੇਰਾ ਸਿੰਘ ਵਾਸੀ ਘੋੜੇਨਾਬ ਆਪਣੇ ਘਰ ਨਾਜਾਇਜ਼ ਸ਼ਰਾਬ ਕਸ਼ੀਦ ਕਰ ਕੇ ਵੇਚਣ ਦਾ ਧੰਦਾ ਕਰਦਾ ਹੈ | ਪੁਲਿਸ ਨੇ ਉਕਤ ਵਿਅਕਤੀ ਦੇ ਘਰ ਰੇਡ ਕਰ ਕੇ ਉੱਥੋਂ 150 ਲੀਟਰ ਲਾਹਣ ਬਰਾਮਦ ਕਰ ਲਿਆ ਹੈ ਅਤੇ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਇਸ ਤੋਂ ਇਲਾਵਾ ਪੁਲਿਸ ਨੇ ਇੱਕ ਵਿਅਕਤੀ ਨੂੰ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਸਬ ਇੰਸਪੈਕਟਰ ਹਰਿੰਦਰ ਸਿੰਘ ਜਦੋਂ ਸ਼ੱਕੀ ਵਿਅਕਤੀਆਂ ਦੇ ਭਾਲਦੇ ਸਬੰਧ ਵਿਚ ਗਸਤ ਕਰ ਰਹੇ ਸੀ ਤਾਂ ਉਨ੍ਹਾਂ ਚੂੜਲ ਕਲਾਂ ਤੋਂ ਬਖੋਰਾ ਕਲਾਂ ਜਾਂਦੇ ਹੋਏ ਇੱਕ ਵਿਅਕਤੀ ਸੁਖਚੈਨ ਸਿੰਘ ਵਾਸੀ ਲਹਿਲ ਖ਼ੁਰਦ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਇਕ ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ |