ਮਲੇਰਕੋਟਲਾ, 20 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਡਿਪਟੀ ਕਮਿਸ਼ਨਰ ਵਿਰਾਜ ਐੱਸ.ਤਿੜਕੇ ਨੇ ਸਿਹਤ ਵਿਭਾਗ ਦੇ ਫ਼ੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਵਿੰਗ ਦੇ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਨਵਜੋਤ ਕੌਰ ਅਤੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਤੋਂ ਵਿਭਾਗ ਦੀ ਹਫ਼ਤਾਵਾਰੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਉਕਤ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਹਫ਼ਤਾਵਾਰੀ ਕਾਰਜਗੁਜ਼ਾਰੀ ਤੋਂ ਅਵਗਤ ਕਰਵਾਉਂਦਿਆਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿਖੇ 07 ਕੈਮਿਸਟ (ਰਿਟੇਲਰ ਅਤੇ ਹੋਲਸੇਲਰ) ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਵਿਸ਼ੇਸ਼ ਚੈਕਿੰਗ ਦੌਰਾਨ ਡਰੱਗ ਐਂਡ ਕੋਸਮੈਟਿਕ ਐਕਟ ਤਹਿਤ ਉਪਚਾਰੀਕਤਾਵਾਂ ਮੁਕੰਮਲ ਨਾ ਕਰਨ ਤੇ ਤਿੰਨ ਦਵਾਈ ਵਿਕ੍ਰੇਤਾਵਾਂ ਤੋਂ ਕਰੀਬ 66 ਹਜ਼ਾਰ 491 ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ | ਉਨ੍ਹਾਂ ਹੋਰ ਦੱਸਿਆ ਕਿ ਵਿਸ਼ੇਸ਼ ਚੈਕਿੰਗ ਦੌਰਾਨ ਅਹਿਮਦਗੜ੍ਹ ਵਿਖੇ ਲਾਇਸੈਂਸੀ ਦਵਾਈ ਵਿਕਰੇਤਾ ਵਲੋਂ ਰਿਕਾਰਡ ਮੁਕੰਮਲ ਨਾ ਰੱਖਣ ਕਾਰਨ 5426 ਰੁਪਏ ਦੀਆਂ ਅਤੇ ਮਲੇਰਕੋਟਲਾ ਦੇ ਪਿੰਡ ਧਿਰੂ ਮਾਜਰਾ ਵਿਖੇ ਕਰੀਬ 25 ਹਜ਼ਾਰ 485 ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਅਹਿਮਦਗੜ੍ਹ ਵਿਖੇ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਫ਼ਰਮ ਤੋਂ ਕਰੀਬ 35 ਹਜ਼ਾਰ ਰੁਪਏ ਦੀ ਲਾਗਤ ਦੀਆਂ 27 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ | ਡਿਪਟੀ ਕਮਿਸ਼ਨਰ ਵਿਰਾਜ ਐੱਸ.ਤਿੜਕੇ ਨੇ ਜ਼ਿਲ੍ਹੇ ਦੇ ਸਮੂਹ ਕੈਮਿਸਟ (ਰਿਟੇਲਰ ਅਤੇ ਹੋਲਸੇਲਰ) ਨੂੰ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਡਿਸਪਲੇਅ ਕਰਨ ਨੂੰ ਯਕੀਨੀ ਬਣਾਉਣ ਅਤੇ ਆਪਣੀ ਖ਼ਰੀਦ ਅਤੇ ਸੇਲ ਦਾ ਪੁਖ਼ਤਾ ਰਿਕਾਰਡ ਰੱਖਣ | ਐੱਚ-1 ਕੈਟਾਗਰੀ ਅਤੇ ਹੋਰ ਦਵਾਈਆਂ ਦੀ ਵਿਕਰੀ ਦਾ ਰਿਕਾਰਡ ਮੁਕੰਮਲ ਰੱਖਿਆ ਜਾਵੇ | ਉਨ੍ਹਾਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਰੋਕਣ ਲਈ ਕੈਮਿਸਟ ਐੱਸੋਸੀਏਸ਼ਨ ਦੇ ਸਾਥ ਦੀ ਮੰਗ ਕੀਤੀ ਅਤੇ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਦੀ ਭਵਿੱਖ ਵਿਚ ਲਗਾਤਾਰ ਚੈਕਿੰਗ ਇਸੇਂ ਤਰ੍ਹਾਂ ਜਾਰੀ ਰਹੇਗੀ |