ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਟਰਾਂਸਪੋਰਟ ਸੈੱਲ ਦੇ ਸੂਬਾ ਕਨਵੀਨਰ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਲੁਧਿਆਣਾ ਚੋਣ ਭਾਜਪਾ ਵੱਡੇ ਅੰਤਰ ਨਾਲ ਜਿੱਤੇਗੀ ਅਤੇ ਇਹ ਜਿੱਤ 2027 ਦੀ ਵਿਧਾਨ ਸਭਾ ਚੋਣਾ ਵੱਲ ਜਾਣ ਦੀ ਵੱਡੀ ਪਹਿਲਕਦਮੀ ਵੀ ਹੋਵੇਗੀ | ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਆਪ ਸਰਕਾਰ ਦੀ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕਿਆ ਹੈ ਅਤੇ ਰਾਜ ਦੇ ਹਾਲਾਤ ਇਹ ਹਨ ਕਿ ਭਾਵੇਂ ਕਿਸਾਨ ਹੋਵੇ, ਮਜ਼ਦੂਰ ਹੋਵੇ, ਮੁਲਾਜ਼ਮ ਹੋਣ ਅਤੇ ਜਾ ਫਿਰ ਵਿਦਿਆਰਥੀ ਵਰਗ ਹੋਣੇ ਸੜਕਾਂ ਉੱਤੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਨੀਤੀਆਂ ਤੋਂ ਤੰਗ ਆਏ ਪੰਜਾਬ ਦੇ ਅਵਾਮ ਨੇ ਆਪ ਪਾਰਟੀ ਨੂੰ ਇੱਕ ਆਸ ਦੀ ਕਿਰਨ ਵਜੋਂ ਲਿਆ ਸੀ ਪਰ ਇਸ ਪਾਰਟੀ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਆਸ ਦੀ ਕਿਰਨ ਕੇਵਲ ਭਾਜਪਾ ਹੀ ਬਾਕੀ ਹੈ ਤੇ ਮਾਲਵਾ ਦੇ ਜ਼ਿਲ੍ਹਾ ਸੰਗਰੂਰ ਵਿਚ ਸ੍ਰੀ ਅਰਵਿੰਦ ਖੰਨਾ ਦੀ ਅਗਵਾਈ ਹੇਠ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ |