ਭਵਾਨੀਗੜ੍ਹ, 21 ਜੂਨ (ਰਣਧੀਰ ਸਿੰਘ ਫੱਗੂਵਾਲਾ) - ਖੇਡ ਵਿਭਾਗ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਤੇਗ਼ ਬਹਾਦਰ ਸਟੇਡੀਅਮ ਵਿਖੇ ਪੰਜਾਬ ਸਰਕਾਰ ਵਲੋਂ ਭੂਸ਼ਨ ਸ਼ਰਮਾ ਨੂੰ ਬਤੌਰ ਹਾਕੀ ਕੋਚ ਨਿਯੁਕਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਘਬੀਰ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਹਿਰ ਦੇ ਸਟੇਡੀਅਮ ਵਿਖੇ ਖੇਡਾਂ ਨੂੰ ਖ਼ਾਸ ਕਰਕੇ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਹਾਕੀ ਦੀ ਟਰੇਨਿੰਗ ਲੈਣ ਲਈ ਹਾਕੀ ਕੋਚ ਦੀ ਖਿਡਾਰੀਆਂ ਨੂੰ ਬਹੁਤ ਲੋੜ ਸੀ, ਜਿਸ ਸਬੰਧੀ ਸ਼ਹਿਰ ਵਾਸੀਆਂ ਨੇ ਖੇਡ ਵਿਭਾਗ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਹਾਕੀ ਕੋਚ ਨਿਯੁਕਤ ਕਰਨ ਦੀ ਕਈ ਵਾਰ ਮੰਗ ਕੀਤੀ, ਪਰ ਹੁਣ ਸਰਕਾਰ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਗੁਰੂ ਤੇਗ਼ ਬਹਾਦਰ ਸਟੇਡੀਅਮ ਨੂੰ ਭੂਸ਼ਨ ਸ਼ਰਮਾ ਬਤੌਰ ਹਾਕੀ ਕੋਚ ਨਿਯੁਕਤ ਕਰਨ ਨਾਲ ਹਾਕੀ ਖਿਡਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ 'ਤੇ ਰਘਬੀਰ ਸਿੰਘ ਬਾਜਵਾ ਤੋਂ ਇਲਾਵਾ ਸਟੇਡੀਅਮ ਵਿਖੇ ਹਾਜ਼ਰ ਹਾਕੀ ਖਿਡਾਰੀ ਕੁਲਵਿੰਦਰ ਸਿੰਘ ਨੀਟਾ, ਮਾਸਟਰ ਰਣਜੀਤ ਸਿੰਘ, ਭੀਮ ਸ਼ਰਮਾ, ਇੰਦਰਜੀਤ ਸਿੰਘ, ਰਵੀ ਸ਼ੰਕਰ, ਜਗਮੀਤ ਸਿੰਘ, ਹਰਜੀਤ ਸਿੰਘ, ਅੰਗਮਜੋਤ ਸਿੰਘ, ਈਸ਼ਰ ਸਿੰਘ ਭੱਟੀਵਾਲ, ਦਵਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਸਮੇਂ ਦੌਰਾਨ ਭਵਾਨੀਗੜ੍ਹ ਦੀ ਹਾਕੀ ਦੀ ਟੀਮ ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਖੇਡਦਿਆਂ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ, ਹੁਣ ਹਾਕੀ ਕੋਚ ਆਉਣ ਨਾਲ ਹਾਕੀ ਨੂੰ ਹੁਲਾਰਾ ਮਿਲਣ ਦੇ ਨਾਲ ਨਵੇਂ ਬੱਚੇ ਹਾਕੀ ਵੱਲ ਉਤਸ਼ਾਹਿਤ ਹੋ ਕੇ ਸ਼ਹਿਰ ਦਾ ਨਾਮ ਉੱਚਾ ਕਰਨਗੇ | ਹਾਕੀ ਕੋਚ ਭੂਸ਼ਨ ਸ਼ਰਮਾ ਨੇ ਕਿਹਾ ਕਿ ਪੂਰੀ ਮਿਹਨਤ ਨਾਲ ਚੱਲ ਰਹੀ ਖਿਡਾਰੀਆਂ ਅਤੇ ਨਵੇਂ ਖਿਡਾਰੀਆਂ ਨੂੰ ਵਿਸ਼ੇਸ਼ ਟਰੇਨਿੰਗ ਦੇਣ ਦਾ ਉਪਰਾਲਾ ਕਰਨਗੇ |