21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਚਿੱਪ ਵਾਲੇ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਬੀ.ਕੇ.ਯੂ. ਉਗਰਾਹਾਂ ਵਲੋਂ ਵਿਰੋਧ

ਖਨੌਰੀ ਵਿਖੇ ਚਿਪ ਵਾਲੇ ਸਮਾਰਟ ਮੀਟਰ ਲਗਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਨਾਅਰੇਬਾਜ਼ੀ ਕਰਦਿਆਂ ਹੋਇਆਂ ਵਿਰੋਧ ਕਰਦੇ ਹੋਏ ਕਿਸਾਨ ਆਗੂ ਅਤੇ ਸ਼ਹਿਰ ਦੇ ਲੋਕ | ਤਸਵੀਰ: ਬਲਵਿੰਦਰ ਸਿੰਘ ਥਿੰਦ <br/> 22-06-2025
ਖਨੌਰੀ, 21 ਜੂਨ (ਬਲਵਿੰਦਰ ਸਿੰਘ ਥਿੰਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੇ ਕਿਸਾਨਾਂ ਵਲੋਂ ਅੱਜ ਖਨੌਰੀ ਸ਼ਹਿਰ ਵਿਖੇ ਆਮ ਖਪਤਕਾਰਾਂ ਦੇ ਘਰਾਂ ਦੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਚਿੱਪ ਵਾਲੇ ਬਿਜਲੀ ਦੇ ਮੀਟਰ ਲਗਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਨਾਅਰੇਬਾਜ਼ੀ ਕਰਦਿਆਂ ਹੋਇਆਂ ਭਾਰੀ ਵਿਰੋਧ ਕੀਤਾ ਗਿਆ | ਕਿਸਾਨ ਜਥੇਬੰਦੀ ਅਤੇ ਆਮ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆਂ ਬਿਜਲੀ ਮੁਲਾਜ਼ਮਾਂ ਨੂੰ ਵਾਪਸ ਪਰਤਣਾ ਪਿਆ | ਖਨੌਰੀ ਇਕਾਈ ਦੇ ਪ੍ਰਧਾਨ ਜਗਪਾਲ ਸਿੰਘ ਬਹਿਣੀਵਾਲ, ਬਲਾਕ ਆਗੂ ਬੱਬੂ ਚੱਠਾ, ਪਿੰਡ ਠਸਕਾ ਦੀ ਇਕਾਈ ਦੇ ਪ੍ਰਧਾਨ ਤਜਿੰਦਰਪਾਲ ਸਿੰਘ ਅਤੇ ਪਿੰਡ ਚੱਠਾ ਗੋਬਿੰਦ ਪੁਰਾ ਤੋਂ ਕਿਸਾਨ ਆਗੂ ਸੁਖਚੈਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਚਿੱਪ ਵਾਲੇ ਸਮਾਰਟ ਮੀਟਰਾਂ ਦਾ ਸਾਡੀ ਜਥੇਬੰਦੀ ਵਲੋਂ ਸ਼ੁਰੂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਜੇਕਰ ਕੋਈ ਖਪਤਕਾਰ ਅਪਣੀ ਮਰਜ਼ੀ ਨਾਲ ਇਹ ਮੀਟਰ ਲਗਵਾਉਣਾ ਚਾਹੁੰਦਾ ਹੈ ਤਾਂ ਸਾਡੇ ਵਲੋਂ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਜਾਂਦਾ ਪਰ ਜ਼ਬਰਦਸਤੀ ਜਾਂ ਪਹਿਲਾਂ ਵਾਲੇ ਸਹੀ ਚੱਲ ਰਹੇ ਮੀਟਰਾਂ ਨੂੰ ਬਿਨ੍ਹਾਂ ਵਜ੍ਹਾਂ ਤੋਂ ਬਦਲਿਆ ਤਾਂ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਇਹ ਮੀਟਰ ਕਾਰਪੋਰੇਟ ਪੱਖੀ ਹਨ ਤਾਂ ਕਿ ਇਹ ਮੀਟਰ ਲੋਕਾਂ ਦੇ ਘਰਾਂ ਚ ਕੰਪਲੀਟ ਕਰ ਕੇ ਇਸ ਮਾੜੇ ਮੋਟੇ ਰਹਿੰਦੇ ਅਦਾਰੇ ਨੂੰ ਵੀ ਕਾਰਪੋਰੇਟ ਕੰਪਨੀਆਂ ਦੇ ਹੱਥਾਂ ਵਿਚ ਵੇਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਇਹ ਅਦਾਰਾ ਪ੍ਰਾਈਵੇਟ ਕੰਪਨੀਆਂ ਕੋਲ ਚਲਾ ਜਾਂਦਾ ਹੈ ਤਾਂ ਆਮ ਲੋਕਾਂ ਨੂੰ ਫਰੀ ਤੇ ਸਸਤੀ ਬਿਜਲੀ ਤਾਂ ਮਿਲਣੋਂ ਬੰਦ ਹੋਣੀ ਹੀ ਹੈ ਨਾਲ ਹੀ ਬੇਰੁਜ਼ਗਾਰੀ ਵਿਚ ਵੀ ਵੱਡੇ ਪੱਧਰ ਤੇ ਵਾਧਾ ਹੋਵੇਗਾ | ਕਿਸਾਨ ਆਗੂਆਂ ਨੇ ਦੱਸਿਆ ਕਿ ਇਸੇ ਕੜੀ ਦੇ ਤਹਿਤ ਹੀ ਅੱਜ ਵੀ ਬਿਜਲੀ ਮੁਲਾਜ਼ਮ ਖਨੌਰੀ ਉਪ ਤਹਿਸੀਲ ਦੇ ਨੇੜੇ ਖਪਤਕਾਰਾਂ ਦੀ ਸਹਿਮਤੀ ਤੋਂ ਬਗੈਰ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਦੇ ਲਈ ਪਹੁੰਚੇ ਹੋਏ ਸਨ | ਜਿਨ੍ਹਾਂ ਦਾ ਜਥੇਬੰਦੀ ਦੇ ਆਗੂਆਂ ਨੂੰ ਪਤਾ ਲੱਗਣ ਤੇ ਬਿਜਲੀ ਮੁਲਾਜ਼ਮਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਇਆਂ ਭਾਰੀ ਵਿਰੋਧ ਕੀਤਾ ਗਿਆ ਅਤੇ ਇਸੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਗੈਰ ਮੀਟਰ ਲਗਾਏ ਵਾਪਸ ਮੁੜਨਾ ਪਿਆ | ਖਨੌਰੀ ਇਕਾਈ ਦੇ ਪ੍ਰਧਾਨ ਜਗਪਾਲ ਸਿੰਘ ਬਹਿਣੀਵਾਲ, ਬਲਾਕ ਆਗੂ ਬੱਬੂ ਚੱਠਾ, ਪਿੰਡ ਠਸਕਾ ਦੀ ਇਕਾਈ ਦੇ ਪ੍ਰਧਾਨ ਤਜਿੰਦਰਪਾਲ ਸਿੰਘ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਘਟਨਾਕ੍ਰਮ ਦੌਰਾਨ ਵਿਭਾਗ ਦੇ ਸਬੰਧਿਤ ਐੱਸ ਡੀ ਓ ਦਾ ਲੋਕਾਂ ਪ੍ਰਤੀ ਵਤੀਰਾ ਕੋਈ ਬਾਹਲਾ ਵਧੀਆ ਨਹੀਂ ਸੀ | ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਅੱਗੇ ਤੋਂ ਵੀ ਐੱਸ ਡੀ ਓ ਖਨੌਰੀ ਦਾ ਲੋਕਾਂ ਪ੍ਰਤੀ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਜਥੇਬੰਦੀ ਨਾਲ ਵਿਚਾਰ ਵਟਾਂਦਰਾ ਕਰ ਕੇ ਸ਼ੇਰਗੜ੍ਹ ਬਿਜਲੀ ਗਰਿੱਡ ਵਿਖੇ ਐੱਸ ਡੀ ਓ ਖਿਲਾਫ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਬਿੰਦਰ ਸਿੰਘ ਖਨੌਰੀ, ਜਸਵੰਤ ਸਿੰਘ ਠਸਕਾ, ਕਾਲਾ ਸਿੰਘ ਚੱਠਾ ਗੋਬਿੰਦ ਪੁਰਾ, ਪਰਵਿੰਦਰ ਸਿੰਘ ਖ਼ਜ਼ਾਨਚੀ ਠਸਕਾ ਇਕਾਈ, ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਖਨੌਰੀ ਇਕਾਈ, ਰਮੇਸ਼ ਗੁਰਨੇ ਮੀਤ ਪ੍ਰਧਾਨ ਖਨੌਰੀ ਇਕਾਈ, ਹਰਜਿੰਦਰ ਸਿੰਘ ਜ਼ਿੰਦਾ ਜਰਨਲ ਸਕੱਤਰ, ਭੋਲਾ ਸਿੰਘ ਗੁਰਨੇ, ਕਿ੍ਸ਼ਨ ਸਿੰਘ ਬਾਂਗੜ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਦਾ ਸਾਲਾਨਾ ਵਿੱਤੀ ਬਜਟ ਪਾਸ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਰਹਿਮਾਨ ਅਗਲੀ ਖ਼ਬਰ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਘੋਰ ਉਲੰਘਣਾ-ਫ਼ਰੰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।