ਸੰਗਰੂਰ, 21 ਜੂਨ (ਧੀਰਜ ਪਸ਼ੋਰੀਆ)-ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ, ਪੰਜਾਬ ਨੇ ਆਪਣੀ ਸਾਂਝੀ ਮੀਟਿੰਗ ਵਿਚ ਇਸਰਾਇਲ-ਈਰਾਨ ਯੁੱਧ ਨੂੰ ਵਿਸ਼ਵ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਦੁਨੀਆ ਦੇ ਸਾਹਮਣੇ ਵਿਸ਼ਵ ਸ਼ਾਂਤੀ, ਵਾਤਾਵਰਨ ਨੂੰ ਬਚਾਉਣਾ ਅਤੇ ਨਿਆਂਪੂਰਨ ਸਮਾਜ ਦੀ ਉਸਾਰੀ ਤਿੰਨ ਵੱਡੇ ਮੁੱਦੇ ਹਨ | ਦੋਵਾਂ ਜਥੇਬੰਦੀਆਂ ਨੇ ਇਸਰਾਈਲ ਵਲੋਂ ਈਰਾਨ ਦੇ ਸਿਵਲ ਪਰਮਾਣੂ ਅੱਡਿਆਂ 'ਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ | ਇਸਰਾਈਲ ਨੂੰ ਆਪਣੀ ਆਤਮ ਸੁਰੱਖਿਆ ਦੇ ਬਹਾਨੇ ਕਿਸੇ ਵੀ ਦੇਸ਼ ਉੱਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਇਹ ਕਾਰਵਾਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ | ਈਰਾਨ ਨੇ ਪਹਿਲਾਂ ਦੀ ਐਲਾਨ ਕੀਤਾ ਹੋਇਆ ਹੈ ਕਿ ਉਹ ਕੋਈ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ, ਉਸ ਦਾ ਮਕਸਦ ਸਿਰਫ਼ ਪਰਮਾਣੂ ਊਰਜਾ ਨੂੰ ਬਿਜਲੀ ਬਣਾਉਣ ਅਤੇ ਹੋਰ ਸ਼ਾਂਤੀਪੂਰਵਕ ਕੰਮਾਂ ਲਈ ਵਰਤਣਾ ਹੈ | ਇਸ ਕਰਕੇ ਹੀ ਉਸ ਨੇ ਪਰਮਾਣੂ ਅਪਸਾਰ ਸੰਧੀ (ਐੱਨ.ਪੀ.ਟੀ.) 'ਤੇ ਵੀ ਦਸਤਖ਼ਤ ਕੀਤੇ ਹੋਏ ਹਨ, ਜਿਸ ਕਰਕੇ ਉਸਦੇ ਪਰਮਾਣੂ ਅੱਡਿਆਂ ਦੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਮਾਹਿਰਾਂ ਵਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾਂਦੀ ਹੈ | ਇਸਰਾਈਲ, ਜਿਸ ਕੋਲ ਖ਼ੁਦ ਪਰਮਾਣੂ ਹਥਿਆਰ ਹਨ ਅਤੇ ਅਤੇ ਜੋ ਪਰਮਾਣੂ ਅਪਸਾਰ ਸੰਧੀ ਦਾ ਮੈਂਬਰ ਵੀ ਨਹੀਂ, ਉਸ ਨੰੂ ਕੋਈ ਇਖ਼ਲਾਕੀ ਹੱਕ ਨਹੀਂ ਕਿ ਉਹ ਈਰਾਨ ਤੇ ਇਹ ਮਨਘੜਤ ਇਲਜ਼ਾਮ ਲਗਾ ਕੇ ਹਮਲਾ ਕਰੇ ਕਿ ਈਰਾਨ ਪਰਮਾਣੂ ਹਥਿਆਰ ਬਣਾ ਰਿਹਾ ਹੈ ਅਤੇ ਉੱਥੋਂ ਦੇ ਪਰਮਾਣੂ ਵਿਗਿਆਨੀਆਂ, ਫ਼ੌਜੀ ਅਤੇ ਸਿਵਲ ਅਫ਼ਸਰਾਂ ਅਤੇ ਆਮ ਲੋਕਾਂ ਤੇ ਬੰਬ ਸੁੱਟ ਕੇ ਉਨ੍ਹਾਂ ਦਾ ਕਤਲ ਕਰੇ | ਮੀਟਿੰਗ ਨੇ ਅਮਰੀਕੀ ਸਰਕਾਰ, ਖ਼ਾਸ ਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋਗਲੀ ਨੀਤੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਅਮਰੀਕਾ ਇੱਕ ਪਾਸੇ ਆਪਣੇ-ਆਪ ਨੂੰ ਦੁਨੀਆ ਦੀ ਜਮਹੂਰੀਅਤ ਦਾ ਰਖਵਾਲਾ ਹੋਣ ਦਾ ਦਾਅਵਾ ਕਰਦਾ ਹੈ, ਅਤੇ ਦੂਜੇ ਪਾਸੇ ਮੱਧ-ਪੂਰਬ ਵਿਚ ਆਪਣੇ ਮੋਹਰੇ ਇਸਰਾਈਲ ਦੀ ਗੁੰਡਾਗਰਦੀ ਦੀ ਪਿੱਠ ਥਾਪੜ ਰਿਹਾ ਹੈ ਅਤੇ ਉਸ ਦੀ ਹਰ ਕਿਸਮ ਦੀ ਫ਼ੌਜੀ ਮਦਦ ਕਰਕੇ ਜਿੱਥੇ ਪੂਰੇ ਮੱਧ-ਪੂਰਬ ਵਿਚ ਅਸ਼ਾਂਤੀ ਫੈਲਾ ਰਿਹਾ ਹੈ, ਉੱਥੇ ਵਿਸ਼ਵ ਸ਼ਾਂਤੀ ਲਈ ਵੀ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ | ਇਹ ਅਮਰੀਕੀ ਮਹਾਸ਼ਕਤੀਵਾਦ ਹੀ ਹੈ, ਜਿਸ ਨੇ ਮੱਧ-ਪੂਰਬ ਵਿਚ ਸਭ ਤੋਂ ਵੱਧ ਫ਼ੌਜੀ ਅੱਡੇ ਕਾਇਮ ਕੀਤੇ ਹੋਏ ਹਨ, ਜਿਨ੍ਹਾਂ ਵਿਚ ਅਮਰੀਕਾ ਦੇ 40 ਹਜ਼ਾਰ ਤੋਂ ਵੱਧ ਫ਼ੌਜੀ ਸਰਗਰਮ ਹਨ | ਦਰਅਸਲ ਅਮਰੀਕਾ ਅਤੇ ਉਸ ਦਾ ਮੋਹਰਾ ਇਸਰਾਈਲ ਈਰਾਨ ਵਿਚ ਸੱਤਾ ਦਾ ਤਖਤਾਪਲਟ ਕਰਵਾ ਕੇ ਉੱਥੇ ਆਪਣੇ ਪਸੰਦ ਦੀ ਸਰਕਾਰ ਸਥਾਪਿਤ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਦੇ ਇਸ਼ਾਰਿਆਂ 'ਤੇ ਨੱਚੇ, ਕਿਉਂਕਿ ਈਰਾਨ ਦੀ ਮੌਜੂਦਾ ਸੱਤਾਧਾਰੀ ਧਿਰ ਅਮਰੀਕਾ ਦੀ ਈਨ ਮੰਨਣ ਲਈ ਤਿਆਰ ਨਹੀਂ | ਇਸੇ ਪ੍ਰਕਾਰ ਦੀ ਨੀਤੀ ਦੇ ਤਹਿਤ ਹੀ ਇਸਰਾਈਲ ਨੇ ਗਾਜ਼ਾ ਪੱਟੀ ਵਿਚ ਨਿਹੱਥੇ ਫ਼ਲਸਤੀਨੀਆਂ ਤੇ ਹਮਲਾ ਕਰਕੇ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਹੈ ਅਤੇ ਗਾਜ਼ਾ ਦੀ ਪੱਟੀ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ, ਪਰ ਇਸ ਦੇ ਬਾਵਜੂਦ ਅਮਰੀਕਾ ਅਤੇ ਉਸ ਦੇ ਮੋਹਰੇ ਇਸਰਾਈਲ ਨੂੰ ਗਾਜ਼ਾ ਵਿਚ ਸੱਤਾਧਾਰੀ ਧਿਰ ਹਮਾਸ ਦਾ ਤਖ਼ਤਾ ਪਲਟਣ ਵਿਚ ਕਾਮਯਾਬੀ ਨਹੀਂ ਮਿਲੀ | ਮੀਟਿੰਗ ਨੇ ਮਹਿਸੂਸ ਕੀਤਾ ਕਿ ਦੁਨੀਆ ਦੀਆਂ ਵੱਡੀਆਂ ਤਾਕਤਾਂ, ਖ਼ਾਸ ਕਰਕੇ ਅਮਰੀਕਾ ਅਤੇ ਰੂਸ, ਆਪਣੀਆਂ ਜੰਗੀ ਨੀਤੀਆਂ ਕਾਰਨ ਦੁਨੀਆ ਵਿਚ ਯੁੱਧ ਦਾ ਮਾਹੌਲ ਪੈਦਾ ਕਰਕੇ ਆਪਣੇ ਜੰਗੀ ਸਾਜੋ-ਸਮਾਨ ਵੇਚਣ 'ਤੇ ਤੁਲੀਆਂ ਹੋਈਆਂ ਹਨ | ਇਸ ਕਰਕੇ ਹਥਿਆਰਾਂ ਦੇ ਇਹਨਾਂ ਵਪਾਰੀਆਂ ਤੋਂ ਜੰਗਾਂ ਰੋਕਣ ਦੀ ਆਸ ਕਰਨ ਬੇਮਾਅਨਾ ਹੋਵੇਗਾ | ਮੀਟਿੰਗ ਨੇ ਆਸ ਪ੍ਰਗਟ ਕੀਤੀ ਕਿ ਇਸ ਜੰਗ ਨੂੰ ਖ਼ਤਮ ਕਰਾਉਣ ਲਈ ਦੁਨੀਆ ਦੇ ਲੋਕ ਹੀ ਇੱਕ ਵੱਡੀ ਤਾਕਤ ਬਣ ਸਕਦੇ ਹਨ, ਜੋ ਕੁਦਰਤ-ਪੱਖੀ ਅਤੇ ਮਨੁੱਖ-ਪੱਖੀ ਏਜੰਡੇ ਉੱਪਰ ਵਾਤਾਵਰਨ ਬਚਾਉਣ, ਵਿਸ਼ਵ ਸ਼ਾਂਤੀ ਕਾਇਮ ਕਰਨ ਅਤੇ ਇੱਕ ਨਿਆਂਪੂਰਨ ਸਮਾਜਿਕ ਵਿਵਸਥਾ ਸਥਾਪਿਤ ਕਰਨ ਲਈ ਇੱਕ ਮਜ਼ਬੂਤ ਲੋਕ ਲਹਿਰ ਖੜ੍ਹੀ ਕਰਨ | ਅਜਿਹਾ ਕਰਕੇ ਹੀ ਅਸੀਂ ਕੁਦਰਤ-ਪੱਖੀ ਅਤੇ ਮਾਨਵਤਾ-ਪੱਖੀ ਕੰਮ ਕਰਨ ਲਈ ਅੱਗੇ ਵਧ ਸਕਦੇ ਹਾਂ | ਮੀਟਿੰਗ ਵਿਚ ਸੁਖਦੇਵ ਸਿੰਘ ਭੁਪਾਲ, ਗੁਰਲਾਭ ਸਿੰਘ ਮਾਨਸਾ, ਮਨਜੀਤ ਸਿੰਘ ਮਾਨ, ਜਗਰਾਜ ਸਿੰਘ ਰੱਲਾ, ਮਹਿੰਦਰ ਸਿੰਘ ਭੱਠਲ, ਜਗਪਾਲ ਸਿੰਘ ਊਧਾ, ਗੁਰਦਰਸ਼ਨ ਸਿੰਘ ਖਟੜਾ, ਹਰੀਸ਼ ਚੰਦਰ ਉੱਤਮ, ਗੁਰਮੇਲ ਸਿੰਘ ਖਾਈ, ਮਹਿੰਦਰ ਸਿੰਘ ਖੋਖਰ, ਸੰਦੀਪ ਸਿੰਘ ਗਰੇਵਾਲ, ਹਰਗੋਬਿੰਦ ਸ਼ੇਰਪੁਰ, ਮੇਲਾ ਸਿੰਘ ਕੱਟੂ, ਨਰਿੰਦਰਜੀਤ ਸਿੰਘ ਸੋਢੀ, ਲਸ਼ਕਰ ਸਿੰਘ ਮਿੱਠੜਾ, ਮੇਘ ਸਿੰਘ ਸ਼ੇਰਪੁਰ, ਲਾਭ ਸਿੰਘ ਭੁੱਲਰ, ਸੁਖਦੇਵ ਸਿੰਘ ਘੁੰਮਣ ਕਲਾਂ, ਮਨਿੰਦਰ ਸਿੰਘ ਜਵਾਹਰਕੇ, ਤੋਂ ਇਲਾਵਾ ਹੋਰਨਾਂ ਮੈਂਬਰਾਂ ਨੇ ਵੀ ਵਿਚਾਰ ਚਰਚਾ ਵਿਚ ਸਰਗਰਮ ਸ਼ਮੂਲੀਅਤ ਕੀਤੀ |