ਧੂਰੀ, 21 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸਥਾਨਕ ਸਿੰਗਲ ਰੇਲਵੇ ਫਾਟਕ 'ਤੇ ਪੁਲ ਬਣਾਉਣ ਦਾ ਮਾਮਲਾ ਹੁਣ ਸਿਆਸੀ ਰੰਗਤ 'ਚ ਰੰਗਦਾ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਲਖਪਤ ਰਾਏ ਲੱਖੇ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਸ਼ਹਿਰ ਦੇ ਲੋਕਾਂ ਨੂੰ ਪੁਲ ਨਾ ਬਣਨ ਕਾਰਨ ਰੋਜ਼ਾਨਾ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਸ ਮਸਲੇ ਨੂੰ ਸਿਆਸੀ ਲਾਭ ਦਾ ਮੁੱਦਾ ਬਣਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਫਾਟਕ ਸ਼ਹਿਰ ਦੀ ਮੁੱਖ ਸੜਕ 'ਤੇ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕੀ ਗੁਜ਼ਰਦੇ ਹਨ | ਰੇਲ ਗੱਡੀਆਂ ਦੀ ਆਵਾਜਾਈ ਕਾਰਨ ਇਹ ਫਾਟਕ ਲੰਬਾ ਸਮਾਂ ਬੰਦ ਰਹਿੰਦੇ ਹਨ | ਜਿਸ ਕਾਰਨ ਲੋਕੀ ਆਪਣੇ ਕੰਮਕਾਰਾਂ ਤੇ ਦੇਰੀ ਨਾਲ਼ ਪੁੱਜਦੇ ਹਨ | ਅੱਜ ਦੇ ਆਧੁਨਿਕ ਯੁੱਗ ਵਿਚ ਜਿੱਥੇ ਇੱਕ ਇੱਕ ਮਿੰਟ ਬਹੁਤ ਕੀਮਤੀ ਹੈ, ਉੱਥੇ ਫਾਟਕਾਂ ਦੇ ਬੰਦ ਰਹਿਣ ਕਾਰਨ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ | ਫਾਟਕਾਂ 'ਤੇ ਪੁਲ ਨਾ ਬਣਨ ਕਾਰਨ ਲੋਕਾਂ ਦੇ ਕਾਰੋਬਾਰ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਫਾਟਕਾਂ 'ਤੇ ਪੁਲ ਬਣਨ ਨਾਲ਼ ਸ਼ਹਿਰ ਦੇ ਵਿਕਾਸ ਵਿਚ ਬਹੁਤ ਵੱਡੀ ਤਬਦੀਲੀ ਆਵੇਗੀ ਅਤੇ ਸ਼ਹਿਰ ਵਿਚ ਤਰੱਕੀ ਦਾ ਰਸਤੇ ਖੁੱਲ੍ਹਣਗੇ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਦੇ ਫਾਟਕਾਂ 'ਤੇ ਪੁਲ ਬਣਾਉਣ ਦੇ ਵਾਅਦੇ ਖੋਖਲੇ ਸਾਬਤ ਹੋਏ ਹਨ | ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਇਸ ਵੱਡੇ ਅਤੇ ਗੰਭੀਰ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ |