ਸੰਗਰੂਰ, 17 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੱਦੇ 'ਤੇ ਜਿਲਾ ਇਕਾਈ ਸੰਗਰੂਰ ਵਲੋਂ ਸਹਾਇਕ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਸਬੰਧੀ ਰੋਸ ਪੱਤਰ ਕੰਮ ਮੰਗ ਪੱਤਰ ਭੇਜ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਘਮੰਡੀ ਅਤੇ ਨਿਰਦਈ ਹੋ ਗਈ ਹੈ | ਇਨ੍ਹਾਂ ਨੂੰ ਪੰਜਾਬ ਵਿਚ ਮਿਲੇ ਫਤਵੇ ਦਾ ਬਹੁਤ ਘਮੰਡ ਹੈ | ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁਲਾਜ਼ਮ, ਕਿਸਾਨ, ਮਜ਼ਦੂਰ ਲੋਕ ਫਤਵਾ ਹੱਕ ਵਿਚ ਦੇਣਾ ਜਾਣਦੇ ਹਨ ਉੱਥੇ ਘਮੰਡੀ ਅਤੇ ਨਿਰਦਈ ਸਰਕਾਰ ਦਾ ਪਾਸਾ ਵੀ ਪਲਟ ਸਕਦੇ ਹਨ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਅਡਹਾਕ, ਡੇਲੀਵੇਜਜ ਟੈਂਪਰੇਰੀ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੰਜਾਬ ਦੇ ਮੁਲਾਜ਼ਮਾਂ ਦਾ ਡੀਏ, ਪੇਂਡੂ ਭੱਤਾ ਅਤੇ ਹੋਰ ਕਟੇ ਭੱਤੇ ਬਹਾਲ ਕੀਤੇ ਜਾਣ, ਮਿਡ ਡੇ ਮੀਲ, ਆਸ਼ਾ ਵਰਕਰਾਂ, ਆਸਾ ਫੈਸਿਲੀਟੇਟਰਾਂ, ਆਂਗਣਵਾੜੀ ਵਰਕਰਾਂ, ਸਫਾਈ ਕਰਮਚਾਰੀਆਂ, ਚੌਂਕੀਦਾਰਾ ਅਤੇ ਸੇਵਾਦਾਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ,ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਵਿਕਾਸ ਦੇ ਨਾਂ 'ਤੇ ਲਗਾਇਆ ਜਜੀਆ ਟੈਕਸ ਬੰਦ ਕੀਤਾ ਜਾਵੇ, ਦੋ ਸਾਲ ਦਾ ਪਰਖ ਸਮਾਂ ਲਾਗੂ ਕੀਤਾ ਜਾਵੇ, ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਆਦਿ | ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਜਾਇਜ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਤੱਕ ਪੁਜਦੀਆਂ ਕਰਨ ਲਈ 16 ਨਵੰਬਰ ਨੂੰ ਸੰਗਰੂਰ ਵਿਖੇ ਸੂਬਾਈ ਰੈਲੀ ਕਰ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰਨਗੀਆਂ | ਇਸ ਮੌਕੇ ਹੋਰਨਾ ਤੋਂ ਇਲਾਵਾ ਬਲਦੇਵ ਬਡਰੁੱਖਾਂ, ਜਸਵਿੰਦਰ ਗਾਗਾ, ਬੱਗਾ ਸਿੰਘ. ਸੰਮੀ ਖਾਂ, ਹਰਪਾਲ ਸੁਨਾਮ, ਰਾਕੇਸ਼ ਕੁਮਾਰ ਮਲੇਰਕੋਟਲਾ, ਜਗਪਾਲ ਸਿੰਘ ਬਰਨਾਲਾ, ਹੈਪੀ ਸਿੰਘ, ਰੋਹੀ ਰਾਮ, ਮਨਜੀਤ ਸਿੰਘ ਸਹਿਣਾ ਵੀ ਮੌਜੂਦ ਸਨ |