ਜਖੇਪਲ, 17 ਅਕਤੂਬਰ (ਮੇਜਰ ਸਿੰਘ ਸਿੱਧੂ) - ਪਿੰਡ ਚਾਓਬਾਸ ਜਖੇਪਲ ਵਿਖੇ ਡੀ.ਐਸ.ਪੀ. ਸ. ਸੁਖਦਰਸ਼ਨ ਸਿੰਘ ਅਤੇ ਸ. ਅਵਤਾਰ ਸਿੰਘ ਥਾਣਾ ਮੁਖੀ ਚੀਮਾਂ ਵੱਲੋਂ ਸਰਪੰਚ ਗੁਰਚਰਨ ਸਿੰਘ ਚਾਓਬਾਸ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕ ਕਰਨ ਸਬੰਧੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡੀ.ਐਸ.ਪੀ. ਸ. ਸੁਖਦਰਸ਼ਨ ਸਿੰਘ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਹਵਾ ਨੂੰ ਗੁਰੂ,ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਪਰ ਅੱਜ ਅਸੀਂ ਆਪਣੇ ਥੋੜੇ੍ਹ ਜਿਹੇ ਸੁਆਰਥਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਤਿੰਨਾਂ ਨੂੰ ਦੂਸ਼ਿਤ ਕਰ ਰਹੇ ਹਾਂ | ਅੱਜ ਲੋੜ ਹੈ ਹਵਾ,ਪਾਣੀ ਅਤੇ ਧਰਤੀ ਨੂੰ ਬਚਾਉਣ ਵਿੱਚ ਸਾਰੇ ਮਨੁੱਖਾਂ ਨੂੰ ਯੋਗਦਾਨ ਪਾਉਣ ਦੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਮਲ ਵਿੱਚ ਲਿਆਉਣ ਦੀ,ਜੇਕਰ ਅੱਜ ਦੇ ਮਨੁੱਖ ਨੇ ਇਹ ਤਿੰਨੋਂ ਵਡਮੁੱਲੀਆਂ ਦਾਤਾਂ ਦੀ ਸਾਂਭ-ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਸ਼ੁਮਾਰ ਮੁਸ਼ਕਿਲਾਂ ਅਤੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਪਿ੍ੰ. ਸੁਖਪਾਲ ਸਿੰਘ ਜਖੇਪਲ, ਗ੍ਰੰਥੀ ਭੀਮ ਸਿੰਘ, ਪੰਚ ਮੇਵਾ ਸਿੰਘ, ਗੁਰਪਿਆਰ ਸਿੰਘ, ਭੋਲਾ ਸਿੰਘ, ਅਮਰੀਕ ਸਿੰਘ, ਸੁਖਚੈਨ ਸਿੰਘ, ਜੱਗਾ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧੁਲੇ ਕਾ, ਲਾਇਨਮੈਨ ਸੁਖਦੇਵ ਸਿੰਘ, ਪ੍ਰਧਾਨ ਭੋਲਾ ਸਿੰਘ ਹੰਬਲਬਾਸ, ਜਾਗਰ ਸਿੰਘ, ਹਰਚਰਨ ਸਿੰਘ, ਮਿਸ਼ਰਾ ਸਿੰਘ, ਕਰਨੈਲ ਸਿੰਘ, ਤਰਨਜੀਤ ਸਿੰਘ ਖ਼ਾਲਸਾ, ਰਮਨ ਸਿੰਘ, ਗੁਰਜੰਟ ਸਿੰਘ, ਮੈਨੇਜਰ ਕੇਵਲ ਸਿੰਘ, ਲਾਲ ਸਿੰਘ, ਹੈਪੀ ਸਿੰਘ, ਤਾਰਾ ਸਿੰਘ ਤੇ ਲੀਲੂ ਖ਼ਾਨ ਤੋਂ ਇਲਾਵਾ ਔਰਤਾਂ ਹਾਜ਼ਰ ਸਨ |