ਸੰਗਰੂਰ, ਮਸਤੂਆਣਾ ਸਾਹਿਬ, 23 ਅਕਤੂਬਰ (ਦਮਨਜੀਤ ਸਿੰਘ, ਸਤਨਾਮ ਸਿੰਘ ਦਮਦਮੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਅਧੀਨ ਟਰੈਕਟਰਾਂ ਦਾ ਵੱਡਾ ਕਾਫ਼ਲਾ ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਭੇਜਿਆ ਗਿਆ ਇਸ ਕਾਫ਼ਲੇ ਨੂੰ ਰਵਾਨਾ ਕਰਨ ਵੇਲੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ ਕਲਾਂ, ਸਕੱਤਰ ਜਗਤਾਰ ਸਿੰਘ ਕਾਲਾ ਝਾੜ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਆਦਿ ਆਗੂਆਂ ਨੇ ਪੈੱ੍ਰਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਜੋ ਇਹ ਹੜ੍ਹ ਆਏ ਹਨ ਇਹ ਕੁਦਰਤੀ ਵਰਤਾਰਾ ਨਹੀਂ ਹੈ ਸਗੋਂ ਸਰਕਾਰ ਦੀ ਨਾਲਾਇਕੀ ਹੈ ਕਿਸਾਨ ਆਗੂਆਂ ਨੇ ਪੈੱ੍ਰਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਪਹਿਲਾਂ ਲੋੜ ਮੁਤਾਬਕ ਤੂੜੀ ਅਚਾਰ ਬੀਜਣ ਦੀ ਕਣਕ ਅਤੇ ਰੇਹ ਆਦਿ ਵੱਡੇ ਪ੍ਰਬੰਧ ਕੀਤੇ ਗਏ ਹਨ ਪਰ ਪੰਜਾਬ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਅੱਖਾਂ ਮੀਚੀ ਬੈਠੀਆਂ ਹਨ ਪੰਜਾਬ ਸਰਕਾਰ ਦਾ ਬਿਆਨ ਆਇਆ ਹੈ ਕਿ ਉਹ 20 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦੇਵੇਗੀ ਪਰ ਸਰਕਾਰ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਏਨਾ ਤਾਂ ਕਿਸਾਨਾਂ ਦਾ ਖਰਚਾ ਹੀ ਆ ਜਾਂਦਾ ਹੈ | ਐਤਕੀਂ ਜੋ ਹੜ੍ਹ ਆਏ ਹਨ ਇਹ ਸਰਕਾਰ ਦੀ ਵੱਡੀ ਕਮਜ਼ੋਰੀ ਹੈ ਕਿਉਂਕਿ ਸਮੇਂ ਸਿਰ ਸਰਕਾਰ ਦੀ ਤਰਫ਼ੋਂ ਦਰਿਆਵਾਂ ਦੀ ਸਫ਼ਾਈ ਨਹੀਂ ਕੀਤੀ ਗਈ ਅਤੇ ਨਾ ਹੀ ਸਰਕਾਰ ਦੀ ਤਰਫ਼ੋਂ ਦਰਿਆਵਾਂ ਦੇ ਕਿਨਾਰੇ ਮਜ਼ਬੂਤ ਕੀਤੇ ਗਏ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਰੋਕਣ ਵਾਸਤੇ ਭਾਰਤ ਮਾਲਾ ਵਰਗੇ ਪ੍ਰੋਜੈਕਟਾਂ ਦੇ ਅਧੀਨ 15 -15 ਫੁੱਟ ਉੱਚੀਆਂ ਸੜਕਾਂ ਤਾਂ ਬਣਾਈਆਂ ਜਾ ਸਕਦੀਆਂ ਹਨ ਪਰ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਨਹੀਂ ਕੀਤੇ ਜਾ ਸਕਦੇ | ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਵੀ ਲੋਕਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ ਹੜ੍ਹ ਪੀੜਤ ਇਲਾਕੇ 'ਚ ਟਰੈਕਟਰਾਂ ਦੀ ਹੋਰ ਲੋੜ ਪੈਂਦੀ ਹੈ ਤਾਂ ਟਰੈਕਟਰ ਕਰਾਹਾ ਸਮੇਤ ਦੁਬਾਰੇ ਵੀ ਭੇਜੇ ਜਾਣਗੇ | ਆਗੂਆਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਅੰਦਰ ਰਿਸ਼ਵਤ ਖੋਰੀ, ਨਸ਼ੇ, ਲੁੱਟ-ਮਾਰਾਂ ਰੋਜ਼ ਹੋ ਰਹੀਆਂ ਹਨ ਪਰ ਸਰਕਾਰ ਚੁੱਪ ਹੈ, ਇਹ ਸਿੱਧੇ ਤੋਰ ਉੱਤੇ ਸਰਕਾਰ ਦੀ ਅਣਗਹਿਲੀ ਹੈ | ਅੱਜ ਇਹ ਕਾਫ਼ਲਾ ਤੋਰਨ ਵੇਲੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ, ਜਸਵੰਤ ਸਿੰਘ ਤੋਲਾਵਾਲ, ਬਹਾਦਰ ਭਟਾਲ ਖੁਰਦ, ਜਗਤਾਰ ਸਿੰਘ ਲੱਡੀ, ਹਰਬੰਸ ਸਿੰਘ ਲੱਡਾ, ਬਲਵਿੰਦਰ ਸਿੰਘ ਘਨੌਰ ਜੱਟਾਂ, ਕਰਮਜੀਤ ਸਿੰਘ ਮੰਗਵਾਲ, ਰਾਮਸਰ ਨਗੁਰਾਹਾ, ਅਮਨਦੀਪ ਸਿੰਘ ਮਹਿਲਾਂ, ਜਸਵੀਰ ਸਿੰਘ ਗੱਗੜਪੁਰ ਅਤੇ ਹਰਜੀਤ ਸਿੰਘ ਮਹਿਲਾ ਆਦਿ ਮੌਜੂਦ ਸਨ |