ਛਾਜਲੀ, 23 ਅਕਤੂਬਰ (ਅਜਾਇਬ ਸਿੰਘ ਨੀਲੋਵਾਲ) - ਝੋਨੇ ਦੀ ਫ਼ਸਲ ਖ਼ਰੀਦ ਕੇਂਦਰਾਂ 'ਚ ਆ ਚੁੱਕੀ ਹੈ ਪਰ ਕਿਸਾਨਾਂ ਦੇ ਚਿਹਰੇ ਤੇ ਇਸ ਵਾਰ ਝੋਨੇ ਦਾ ਝਾੜ ਘੱਟ ਹੋਣ ਕਾਰਨ ਨਮੋਸ਼ੀ ਦਿਖਾਈ ਦਿੰਦੀ ਹੈ | ਬੀਤੇ ਸਮੇਂ 'ਚ ਹੋਈ ਭਾਰੀ ਬਰਸਾਤ ਨੇ ਪੰਜਾਬ ਦੀਆਂ ਡਰੇਨਾਂ ਅਤੇ ਦਰਿਆਵਾਂ ਨਾਲ ਲਗਦੀਆਂ ਬਹੁਤੀਆਂ ਥਾਵਾਂ ਤੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਡੁੱਬ ਚੁੱਕੀ ਸੀ ਪਰ ਜਿੱਥੇ ਕਿਤੇ ਫ਼ਸਲ ਬਚ ਵੀ ਗਈ ਉਥੇ ਝੋਨੇ ਦੀ ਪੈਦਾਵਾਰ ਤੇ ਪਿਛਲੇ ਵਰ੍ਹੇ ਨਾਲੋਂ ਜ਼ਿਆਦਾ ਅਸਰ ਪਿਆ ਹੈ | ਖ਼ਰੀਦ ਕੇਂਦਰਾਂ ਚ ਫ਼ਸਲ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਚ 40 ਫ਼ੀਸਦੀ ਕਮੀ ਆਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਠੇਕੇ ਵੰਡਾਈ ਤੇ ਲੈ ਕੇ ਵਾਹੀ ਕਰਦੇ ਹਨ ਉਨ੍ਹਾਂ ਨੂੰ ਇਸ ਵਾਰ ਵੱਡਾ ਘਾਟਾ ਪਿਆ ਹੈ | ਜੇਕਰ ਪ੍ਰਤੀ ਏਕੜ ਜ਼ਮੀਨ ਦੇ ਠੇਕੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂ ਇਸ ਸਬੰਧੀ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੰਬਾ ਸਮਾਂ ਵਾਰਿਸ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਝਾੜ 80, 85 ਮਣ ਤੋਂ ਘੱਟ ਕੇ 60, 65 ਮਨ ਪ੍ਰਤੀ ਏਕੜ ਰਹਿ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ 10 ਕੁਇੰਟਲ ਪ੍ਰਤੀ ਏਕੜ ਦਾ ਘਾਟਾ ਪਿਆ ਹੈ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਬੋਨਸ ਦੇ ਰੂਪ ਵਿਚ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਦੇ ਘਾਟੇ ਦੀ ਭਰਪਾਈ ਹੋ ਜਾਵੇ ਅਤੇ ਉਨ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਦੇ ਵਧੀਆ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ ਹੈ | ਦੂਜੇ ਪਾਸੇ ਜਦੋਂ ਮਾਰਕੀਟ ਕਮੇਟੀ ਸੁਨਾਮ ਦੇ ਸਕੱਤਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |