ਗੁਰੂਹਰਸਹਾਏ, 15 ਜੂਨ (ਕਪਿਲ ਕੰਧਾਰੀ)-ਬੀਤੇ ਕੱਲ੍ਹ ਅਹਿਮਦਾਬਾਦ 'ਚ ਦੁਪਹਿਰ ਸਮੇਂ ਏਅਰ ਇੰਡੀਆ ਦਾ ਬੋਇੰਗ 787 ਹਾਦਸਾਗ੍ਰਸਤ ਹੋ ਗਿਆ ਸੀ | ਇਸ ਵਿਚ ਸਵਾਰ ਅਮਲੇ ਦੇ 12 ਮੈਂਬਰਾਂ ਸਮੇਤ 242 ਲੋਕਾਂ ਵਿਚੋਂ 241 ਲੋਕਾਂ ਦੀ ਮੌਤ ਤੋਂ ਬਾਅਦ ਜਿੱਥੇ ਪੂਰੇ ਦੇਸ਼ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਵੀ ਇਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉੱਥੇ ਹੀ ਗੁਰੂਹਰਸਹਾਏ ਵਿਖੇ ਬਣੀ ਰੇਲਵੇ ਪਾਰਕ ਵਿਚ ਹਰ ਰੋਜ਼ ਸੈਰ ਕਰਨ ਆਉਂਦੇ ਸ਼ਹਿਰ ਵਾਸੀਆਂ ਵਲੋਂ ਵੀ ਅੱਜ ਸਵੇਰੇ ਦੋ ਮਿੰਟ ਦਾ ਮੋਨ ਰੱਖ ਕੇ ਹਾਦਸੇ ਵਿਚ ਮਾਰੇ ਗਏ ਸਾਰੇ ਵਿਅਕਤੀਆਂ, ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਗੱਲਬਾਤ ਕਰਦੇ ਹੋਏ ਜੋਨੀ ਆਵਲਾ, ਪ੍ਰੇਮ ਸਚਦੇਵਾ, ਅਜਮੇਰ ਸੋਢੀ, ਵਿਕਾਸ ਗਲਹੋਤਰਾ, ਵਰੁਣ ਗਾਵੜੀ, ਲਾਡੀ ਭੰਡਾਰੀ, ਕਪਿਲ ਕੰਧਾਰੀ, ਡਾ. ਅਜੀਤ, ਡਾ. ਆਤਮਾ ਰਾਮ, ਰੋਬਿਨ ਜਸੂਜਾ, ਸੁਰਿੰਦਰ ਸ਼ਰਮਾ, ਜੱਸਾ ਸਿੰਘ, ਮਨੂ ਮਾਲਕਟਾਲਾ ਨੇ ਕਿਹਾ ਕਿ ਅਹਿਮਦਾਬਾਦ ਹਾਦਸਾ ਨਾ ਸਹਿਣ ਯੋਗ ਤੇ ਨਾ ਭੁੱਲਣ ਯੋਗ ਹੈ | ਇਸ ਵਿਚ ਛੋਟੇ ਬੱਚੇ ਤੋਂ ਲੈ ਕੇ ਹਰ ਇਕ ਵੱਡੇ ਵਿਅਕਤੀ ਦੀ ਬਹੁਤ ਹੀ ਦਰਦਨਾਕ ਮੌਤ ਹੋਈ ਹੈ ਜਿੱਥੇ ਉਨ੍ਹਾਂ ਵਲੋਂ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਲਈ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉੱਥੇ ਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਨ੍ਹਾਂ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖ਼ਸ਼ੇ |