ਮੁੱਦਕੀ, 18 ਜੂਨ (ਭੁਪਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡਾਂ ਲੋਹਾਮ, ਕੱਬਰ ਵੱਛਾ, ਚੰਦੜ, ਘਮਿਆਰਾ ਅਤੇ ਮੋਰਾਂਵਾਲੀ ਆਦਿ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਜੋ ਪਾਣੀ ਮੁੱਦਕੀ ਮਾਈਨਰ ਅਤੇ ਗੋਲੇਵਾਲਾ ਮਾਈਨਰ ਰਾਹੀਂ ਆਉਂਦਾ ਹੈ ਉਹ ਟੇਲਾਂ ਤੱਕ ਚੰਗੀ ਤਰ੍ਹਾਂ ਨਹੀਂ ਪਹੁੰਚ ਪਾ ਰਿਹਾ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਪਾਣੀ ਦੀ ਵੱਧ ਤੋਂ ਵੱਧ ਲੋੜ ਹੈ | ਟੇਲਾਂ ਤੇ ਪਾਣੀ ਘੱਟ ਪਹੁੰਚਣ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ਯੂਨੀਅਨ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਲਜ਼ਾਰ ਸਿੰਘ ਕਬਰ ਵੱਛਾ ਨੇ ਕਿਹਾ ਕਿ ਉਕਤ ਪਿੰਡਾਂ ਦਾ ਪਾਣੀ ਸ਼ੋਰੇ ਵਾਲਾ ਅਤੇ ਨਮਕ ਵਾਲਾ ਹੋਣ ਕਾਰਨ ਇਹ ਕਿਸਾਨ ਆਪਣੀਆਂ ਮੋਟਰਾਂ ਤੋਂ ਸਬਮਰਸੀਬਲ ਪੰਪਾਂ ਰਾਹੀਂ ਜ਼ਮੀਨ ਨੂੰ ਪਾਣੀ ਲਾਉਣ ਤੋਂ ਸੰਕੋਚ ਕਰਦੇ ਹਨ | ਜੇਕਰ ਇਹ ਕਿਸਾਨ ਮੋਟਰਾਂ ਦਾ ਪਾਣੀ ਆਪਣੀਆਂ ਫ਼ਸਲਾਂ ਨੂੰ ਲਾਉਂਦੇ ਹਨ ਤਾਂ ਝੋਨੇ ਅਤੇ ਕਣਕ ਦੀਆਂ ਫ਼ਸਲਾਂ ਪੀਲੀਆਂ ਪੈਣ ਲੱਗ ਜਾਂਦੀਆਂ ਹਨ | ਜਿਸ ਕਾਰਨ ਉਹਨਾਂ ਤੇ ਰੇਆ ਸਪਰੇਆਂ ਦਾ ਖਰਚਾ ਹੋਰ ਵੱਧ ਜਾਂਦਾ ਹੈ | ਉਕਤ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਟੇਲਾਂ ਤੇ ਵੱਧ ਤੋਂ ਵੱਧ ਪਾਣੀ ਪਹੁੰਚਾਇਆ ਜਾਵੇ ਤਾਂ ਜੋ ਝੋਨੇ ਦੀ ਫ਼ਸਲ ਦੀ ਸਹੀ ਪੈਦਾਵਾਰ ਹੋ ਸਕੇ |