ਅਬੋਹਰ, 18 ਜੂਨ (ਵਿਵੇਕ ਹੂੜੀਆ)-ਅਬੋਹਰ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਘੱਟ ਨਹੀਂ ਹੋ ਰਹੀਆਂ ਹਨ | ਬੀਤੀ ਰਾਤ ਨਸ਼ੇੜੀ ਚੋਰਾਂ ਨੇ ਇੱਕ ਕਿਸਾਨ ਦੇ ਖੇਤ ਵਿਚ ਨਵੇਂ ਲਗਾਏ ਸੋਲਰ ਪਲਾਂਟ ਦੀਆਂ ਤਾਰਾਂ ਚੋਰੀ ਕਰ ਲਈਆਂ | ਕਿਸਾਨ ਨੂੰ ਇਸ ਘਟਨਾ ਦਾ ਪਤਾ ਸਵੇਰੇ ਉਦੋਂ ਲੱਗਿਆ, ਜਦੋਂ ਉਹ ਜ਼ਮੀਨ ਵਾਹੁਣ ਲਈ ਖੇਤ ਪਹੁੰਚਿਆ | ਉਕਤ ਕਿਸਾਨ ਨੇ ਅੱਜ ਹੀ ਆਪਣੇ ਖੇਤ ਵਿਚ ਝੋਨਾ ਬੀਜਣਾ ਸੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਜਿੰਦਰ ਰਾਜਨ ਨੇ ਦੱਸਿਆ ਕਿ ਅਬੋਹਰ ਦੇ ਕਲਿਆਣ ਭੂਮੀ ਰੋਡ 'ਤੇ ਸ਼ਮਸ਼ਾਨਘਾਟ ਦੇ ਪਿੱਛੇ ਖੇਤ ਮਾਲਕ ਨੇ ਆਪਣੇ ਖੇਤ ਵਿਚ ਝੋਨਾ ਬੀਜਣ ਲਈ ਲੱਖਾਂ ਰੁਪਏ ਦੇ ਕੇ ਸੋਲਰ ਲਗਾਇਆ ਸੀ ਤਾਂ ਜੋ ਬਿਜਲੀ ਬਚਾਈ ਜਾ ਸਕੇ | ਉਸ ਨੇ ਅੱਜ ਪਹਿਲੇ ਦਿਨ ਹੀ ਇਹ ਸੋਲਰ ਚਲਾ ਕੇ ਫ਼ਸਲ ਬੀਜਣੀ ਸੀ, ਪਰ ਜਦੋਂ ਉਹ ਖੇਤ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸੋਲਰ ਦੇ ਹੇਠਾਂ ਤਾਰਾਂ ਗ਼ਾਇਬ ਸਨ | ਜਿਸ ਕਾਰਨ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਝੋਨੇ ਦੀ ਬਿਜਾਈ 'ਚ ਦੇਰੀ ਹੋਈ | ਪੀੜਤ ਕਿਸਾਨ ਨੇ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਗ਼ੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ, ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਚੋਰਾਂ, ਬਦਮਾਸ਼ਾਂ ਅਤੇ ਨਸ਼ੇੜੀਆਂ ਵਿਰੁੱਧ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ |