30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਥਾਣਾ ਸਿਟੀ ਪੁਲਿਸ ਦੀ ਢਿੱਲੀ ਪਕੜ ਕਰ ਕੇ ਚੋਰ ਗਰੋਹ ਹੋਏ ਸਰਗਰਮ

ਅਜੀਤ ਡੈਸਕ 21-06-2025
ਫ਼ਿਰੋਜ਼ਪੁਰ, 20 ਜੂਨ (ਕੁਲਬੀਰ ਸਿੰਘ ਸੋਢੀ)-ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੁਲਿਸ ਵਲੋਂ ਬੜੀ ਜੱਦੋ-ਜਹਿਦ ਕੀਤੀ ਜਾ ਰਹੀ ਹੈ ਤਾਂ ਕਿ ਨਸ਼ੇ ਦੇ ਵੱਗਦੇ ਛੇਵੇਂ ਦਰਿਆ ਨੂੰ ਖ਼ਤਮ ਕਰਕੇ ਨੌਜਵਾਨੀ ਨੂੰ ਬਚਾਇਆ ਜਾ ਸਕੇ | ਜਿਸ ਲਈ ਸੂਬੇ ਦੀ ਪੁਲਿਸ ਵਲੋਂ ਬੀਤੇ ਸਮੇਂ ਵਿਚ ਵੱਡੇ ਵੱਡੇ ਮਾਰ੍ਹਕੇ ਮਾਰੇ ਗਏ ਹਨ ਤੇ ਇਸ ਸੂਚੀ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਮ ਵੀ ਆਇਆ ਹੈ, ਪਰ ਫ਼ਿਰੋਜ਼ਪੁਰ ਸ਼ਹਿਰ ਦੇ ਵਾਸੀ ਜਿੱਥੇ ਨਸ਼ੇ ਵਾਲਿਆਂ ਤੋਂ ਪ੍ਰੇਸ਼ਾਨ ਹਨ, ਉੱਥੇ ਸ਼ਹਿਰ ਅੰਦਰ ਲਗਾਤਾਰ ਵਾਪਰ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੇ ਰਾਤਾਂ ਦੀ ਨੀਂਦ ਉਡਾ ਰੱਖੀ ਹੈ | ਜਿਸ ਕਰਕੇ ਲੋਕ ਫ਼ਿਰੋਜ਼ਪੁਰ ਨੂੰ ਨਸ਼ਾ ਮੁਕਤ ਦੇ ਨਾਲ ਚੋਰ ਮੁਕਤ ਵੀ ਹੋਣਾ ਦੇਖਣਾ ਚਾਹੁੰਦੇ ਹਨ | ਜਨਤਾ ਦਾ ਕਹਿਣਾ ਹੈ ਕਿ ਘਰ ਦੇ ਬਾਹਰ ਪਈ ਕੋਈ ਵੀ ਚੀਜ਼ ਜਾਂ ਵਹੀਕਲ ਤਾਂ ਸੁਰੱਖਿਅਤ ਨਹੀਂ ਮੰਨੀ ਜਾਂ ਸਕਦੀ, ਪਰ ਹੁਣ ਤਾਂ ਘਰ ਅੰਦਰ ਤੇ ਛੱਤਾਂ 'ਤੇ ਪਏ ਸਮਾਨ ਵੀ ਸੁਰੱਖਿਅਤ ਨਹੀਂ ਹਨ | ਜਿਸ ਕਰਕੇ ਥਾਣਾ ਸਿਟੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ | ਅਜਿਹਾ ਇਕ ਮਾਮਲਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਨੇੜੇ ਵੱਸੇ ਗੁਰੂ ਰਾਮਦਾਸ ਨਗਰ ਦਾ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਪੁਲਿਸ ਵਿਭਾਗ ਦੇ ਸੇਵਾਮੁਕਤ ਸਬ ਇੰਸਪੈਕਟਰ ਆਤਮਾ ਸਿੰਘ ਨੇ ਦੱਸਿਆ ਕਿ ਹੈ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਦੀ ਛੱਤ ਅਤੇ ਨੇੜਲੇ ਦੋ ਹੋਰ ਗੁਆਂਢੀ ਪ੍ਰਮੋਦ ਸਲੂਜਾ ਅਤੇ ਸਤੀਸ਼ ਸ਼ਰਮਾ ਦੀ ਛੱਤ ਤੋਂ ਚੋਰਾਂ ਨੇ ਏ.ਸੀ ਦੀਆਂ ਪਾਈਪਾਂ ਅਤੇ ਤਾਰ ਚੋਰੀ ਕਰਕੇ ਘਟਨਾ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸ਼ਹਿਰ ਅੰਦਰ ਚੋਰ ਅਤੇ ਲੁੱਟ ਖੋਹ ਕਰਨ ਵਾਲੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ, ਜੋ ਰੋਜ਼ਾਨਾ ਵਹੀਕਲ ਤਾਂ ਚੋਰੀ ਕਰਦੇ ਹੀ ਹਨ, ਇਸਦੇ ਨਾਲ ਘਰਾਂ ਅੰਦਰ ਪਏ ਸਮਾਨ ਨੂੰ ਵੀ ਬੇਖ਼ੌਫ ਹੋ ਕੇ ਚੋਰੀ ਕਰਨ ਲੱਗੇ ਹਨ | ਜਿਸ ਕਰਕੇ ਆਮ ਜਨਤਾ ਦਾ ਬਾਹਰ ਕੀ ਘਰ ਅੰਦਰ ਰਹਿਣਾ ਵੀ ਸੁਰੱਖਿਅਤ ਨਹੀਂ ਹੈ | ਚੋਰੀ ਸਬੰਧੀ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਮੁਦਈਆ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ 'ਤੇ ਸਪਲਿਟ ਏ.ਸੀ ਦੇ ਆਊਟਡੋਰ ਯੂਨਿਟ ਲੱਗੇ ਹੋਏ ਹਨ, ਜਿਨ੍ਹਾਂ ਦੀਆਂ ਪਾਈਪਾਂ ਨੂੰ ਜੂਨ 19 ਅਤੇ 20 ਦੀ ਦਰਮਿਆਨੀ ਰਾਤ ਦੇ ਇਕੋ ਸਮੇਂ ਚੋਰਾਂ ਵਲੋਂ ਸਾਡੇ ਤਿੰਨਾਂ ਘਰਾਂ ਦੇ ਏ.ਸੀ ਦੀਆਂ ਤਾਂਬੇ ਵਾਲੀਆਂ ਤਾਰਾ ਚੋਰੀ ਕਰ ਲਈਆਂ ਗਈਆਂ, ਜਿਸ ਬਾਰੇ ਉਨ੍ਹਾਂ ਨੂੰ ਸੁਭਾ ਪਤਾ ਲੱਗਿਆ ਹੈ | ਮੁੱਦਈਆ ਨੇ ਅੱਗੇ ਦੱਸਿਆ ਕਿ ਤਿੰਨ ਘਰਾਂ ਦਾ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ | ਪੁਲਿਸ ਵਿਭਾਗ ਦੇ ਸੇਵਾਮੁਕਤ ਸਬ ਇੰਸਪੈਕਟਰ ਆਤਮਾ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਘਰ ਪਹਿਲਾ ਵੀ ਚੋਰਾਂ ਵਲੋਂ ਘਟਨਾ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਤੇ ਇਕ ਵਾਰ ਉਨ੍ਹਾਂ ਦੀ ਲੁੱਟ ਖੋਹ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਵੀ ਨੇੜਲੇ ਘਰਾਂ ਵਿਚ ਚੋਰਾਂ ਵਲੋਂ ਧਾਵਾ ਬੋਲਦੇ ਹੋਏ ਇਨਵਰਟਰ ਅਤੇ ਬੈਟਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਪਰਿਵਾਰਿਕ ਮੈਂਬਰਾਂ ਦੀ ਨੀਂਦ ਖੁੱਲਣ 'ਤੇ ਬਚਾਅ ਹੋ ਗਿਆ ਸੀ | ਮੁੱਦਈਆ ਨੇ ਦੱਸਿਆ ਕਿ ਏ.ਸੀ ਦੀਆਂ ਤਾਰਾਂ ਅਤੇ ਪਾਈਪਾਂ ਚੋਰੀ ਦੀਆਂ ਘਟਨਾਵਾਂ ਪਹਿਲਾ ਸਿਵਲ ਹਸਪਤਾਲ ਵਿਖੇ ਵੀ ਵਾਪਰ ਚੁੱਕੀਆਂ ਹਨ | ਸਮੂਹ ਨਗਰ ਵਾਸੀਆਂ ਵਲੋਂ ਜ਼ਿਲ੍ਹਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸ਼ਹਿਰ ਨੂੰ ਨਹੀਂ ਬਲਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਕਦਮ ਚੁੱਕ ਰਹੇ ਹੋ, ਉਸੇ ਤਰ੍ਹਾਂ ਚੋਰ ਅਤੇ ਲੁੱਟ ਖੋਹ ਮੁਕਤ ਬਣਾਉਣ ਲਈ ਠੋਸ ਕਦਮ ਚੁੱਕੋ, ਤਾਂ ਕਿ ਜ਼ਿਲ੍ਹਾ ਵਾਸੀ ਸੁੱਖ ਦੀ ਨੀਂਦ ਸੋ ਸਕਣ |
ਪਿਛਲੀ ਖ਼ਬਰ ਮੱਖੂ ਵਿਖੇ ਨੈਸ਼ਨਲ ਹਾਈਵੇ 54 'ਤੇ ਰੇਲਵੇ ਪੁਲ ਬਣੇਗਾ ਜਲਦੀ-ਵਿਧਾਇਕ ਕਟਾਰੀਆ ਅਗਲੀ ਖ਼ਬਰ ਤੰਦਰੁਸਤ ਜ਼ਿੰਦਗੀ ਲਈ ਯੋਗ ਕਰੋ, ਹਰ ਰੋਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।