ਮੱਖੂ, 20 ਜੂਨ (ਵਰਿੰਦਰ ਮਨਚੰਦਾ)-ਅੱਜ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਮਾਰਕੀਟ ਕਮੇਟੀ ਦਫ਼ਤਰ ਮੱਖੂ ਵਿਖੇ ਉੱਚ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਨੈਸ਼ਨਲ ਹਾਈਵੇ-54 'ਤੇ ਬਣਨ ਜਾ ਰਹੇ ਰੇਲਵੇ ਪੁਲ ਦੇ ਸਬੰਧ 'ਚ ਮੀਟਿੰਗ ਕੀਤੀ ਗਈ | ਇਸ ਮੌਕੇ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਤੋਂ ਇਲਾਵਾ ਅਸ਼ੋਕ ਬਾਂਸਲ ਨੈਸ਼ਨਲ ਹਾਈਵੇ ਅਥਾਰਿਟੀ ਬਠਿੰਡਾ, ਸਤਿੰਦਰ ਪਾਲ ਤਹਿਸੀਲਦਾਰ ਜ਼ੀਰਾ, ਅਰੁਨ ਭੱਟ ਪੋ੍ਰਜੈਕਟ ਇੰਜੀਨੀਅਰ, ਜੁਗਰਾਜ ਸਿੰਘ ਸੁਪਰਡੈਂਟ, ਰੌਬਿਨ ਸਚਦੇਵਾ, ਲਕਸ਼ਮਣ ਸਿੰਘ ਕਾਨੂੰਗੋ, ਜਸਮੀਤ ਸਿੰਘ ਪਟਵਾਰੀ ਅਤੇ ਹੋਰ ਸਬੰਧਿਤ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਪੋ੍ਰਜੈਕਟ ਇੰਜੀਨੀਅਰ ਨੇ ਦੱਸਿਆ ਕਿ ਇਹ ਨੈਸ਼ਨਲ ਹਾਈਵੇ 'ਤੇ ਬਣਨ ਵਾਲਾ ਪੁਲ ਜਿਸ ਦੀ ਲੰਬਾਈ 1.9 ਕਿੱਲੋਮੀਟਰ ਹੈ, ਜਿਸ ਨੂੰ ਬਣਾਉਣ 'ਤੇ ਕਰੀਬ 18 ਮਹੀਨੇ ਲੱਗ ਸਕਦੇ ਹਨ | ਇਸ ਸਬੰਧੀ ਉਨ੍ਹਾਂ ਸਾਰੇ ਨਕਸ਼ੇ ਸਹਿਤ ਵਿਧਾਇਕ ਨਰੇਸ਼ ਕਟਾਰੀਆ ਨੂੰ ਜਾਣੂ ਕਰਵਾਇਆ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ 2014 ਵਿਚ ਜਦ ਇਹ ਸੜਕ ਪੀ.ਡਬਲਿਊ.ਡੀ. ਦੇ ਅੰਡਰ ਹੁੰਦੀ ਸੀ ਤਾਂ ਦੁਕਾਨਾਂ ਦੇ ਮੁਆਵਜ਼ੇ ਜੋ ਸਿਰਫ਼ ਕੁੱਝ ਕੁ ਲੋਕਾਂ ਨੂੰ ਦਿੱਤੇ ਸਨ ਅਤੇ ਉਹ ਵੀ ਇਕ ਨਾ ਮਾਤਰ ਹੀ ਦਿੱਤੇ ਸਨ, ਜਦਕਿ ਮੱਖੂ ਦੇ ਨਾਲ ਲੱਗਦੇ ਕਸਬਿਆਂ ਜ਼ੀਰਾ, ਹਰੀਕੇ ਵਿਖੇ ਬਹੁਤ ਮਹਿੰਗੇ ਰੇਟ ਜ਼ਮੀਨ ਦੇ ਸ਼ੋਅ ਕਰਕੇ ਮੁਆਵਜ਼ੇ ਬਣਾਏ ਸਨ, ਜਦਕਿ ਮੱਖੂ ਜੋ ਕਿ ਪੂਰਾ ਸ਼ਹਿਰ ਵਪਾਰਕ ਕਮਰਸ਼ੀਅਲ ਹੈ, ਨੂੰ ਖੇਤੀ ਯੋਗ ਜ਼ਮੀਨ ਦਰਸਾ ਕੇ ਮਾਮੂਲੀ ਮੁਆਵਜ਼ੇ ਕੇਂਦਰ ਸਰਕਾਰ ਉਸ ਵਕਤ ਮੱਖੂ ਵਾਸੀਆਂ ਨੂੰ ਦੇ ਰਹੀ ਸੀ, ਜੋ ਕਿ ਮੱਖੂ ਸ਼ਹਿਰ ਵਾਸੀਆਂ ਨੇ ਨਹੀਂ ਲਏ, ਜਿਸ ਕਾਰਨ ਇਹ ਪੁਲ ਦਾ ਕੰਮ ਵਿੱਚੇ ਲਟਕ ਗਿਆ ਤੇ ਅੱਜ ਫਿਰ ਕੇਂਦਰ ਤੋਂ ਨੈਸ਼ਨਲ ਹਾਈਵੇ ਦੀ ਟੀਮ ਅਧਿਕਾਰੀਆਂ ਸਮੇਤ ਠੇਕੇਦਾਰ ਦਾ ਪੁਲ ਦਾ ਕੰਮ ਸ਼ੁਰੂ ਕਰਨ ਵਾਸਤੇ ਆਈ | ਇਸ ਮੌਕੇ ਸ਼ਹਿਰ ਦੇ ਵਸਨੀਕਾਂ ਜਗੀਰ ਸਿੰਘ ਮੱਲੀ, ਗੁਰਪ੍ਰੀਤ ਸਿੰਘ ਗੋਰਾ, ਉਦੇਸ਼ ਕਟਾਰੀਆ, ਅਸ਼ਵਨੀ ਮਨਚੰਦਾ, ਰੋਹਿਤ, ਵਿਜੇ ਕਟਾਰੀਆ, ਰਣਜੀਤ ਸਿੰਘ, ਅਮਨ ਥਿੰਦ, ਗੁਰਪਾਲ ਸਿੰਘ ਸ਼ੀਹਾਂਪਾੜੀ ਨੇ ਵਿਧਾਇਕ ਦੀ ਹਾਜ਼ਰੀ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾਂ ਸਾਨੂੰ ਆਪਣੀਆਂ ਜਗ੍ਹਾ ਤੇ ਦੁਕਾਨਾਂ ਦਾ ਪੂਰਾ ਮੁਆਵਜ਼ਾ ਕਮਰਸ਼ੀਅਲ ਰੇਟਾਂ 'ਤੇ ਅਸਲੀ ਮਾਲਕਾਂ ਨੂੰ ਦਿਓ ਤਾਂ ਪੁਲ ਦਾ ਕੰਮ ਸ਼ੁਰੂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਜਦੋਂ ਤੱਕ ਨੈਸ਼ਨਲ ਹਾਈਵੇ ਅਥਾਰਿਟੀ ਕੇਂਦਰ ਸਰਕਾਰ ਦੀ ਟੀਮ ਮੱਖੂ ਵਾਸੀਆਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੰਦੀ, ਉਦੋਂ ਤੱਕ ਸ਼ਹਿਰ ਵਾਸੀ ਰੇਲਵੇ ਪੁਲ ਨਹੀਂ ਬਣਨ ਦੇਣਗੇ | ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਖੜ੍ਹੇ ਹਨ ਤੇ ਵਾਅਦਾ ਕਰਦੇ ਹਨ ਕਿ ਪੰਜਾਬ ਸਰਕਾਰ ਦੀ ਤਰਫ਼ੋਂ ਵੀ ਉਨ੍ਹਾਂ ਨੂੰ ਪੂਰਾ ਮੁਆਵਜ਼ਾ ਦੁਆਵਾਗਾ |