05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਨਕੀਰਤ ਅÏਲਖ ਵਲੋਂ ਹੜ੍ਹ ਪੀੜਤ ਕਿਸਾਨਾਂ ਲਈ ਵੱਡੀ ਮਦਦ, ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਨੂੰ ਸੌਂਪੇ 10 ਟਰੈਕਟਰ <br/>

ਪੁਲਿਸ ਲਾਈਨ ਫ਼ਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਤੇ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲਿਆਂ ਨੂੰ ਟਰੈਕਟਰ ਸੌਂਪਦੇ ਗਾਇਕ ਮਨਕੀਰਤ ਔਲਖ | ਅਜੀਤ ਤਸਵੀਰਾਂ <br/> 22-09-2025
ਫ਼ਿਰੋਜ਼ਪੁਰ, 21 ਸਤੰਬਰ (ਗੁਰਿੰਦਰ ਸਿੰਘ)- ਹਾਲ ਹੀ ਵਿਚ ਪੰਜਾਬ ਵਿਚ ਆਈ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਜਦ ਬੇਸਹਾਰਾ ਲੋਕਾਂ ਨੂੰ ਮਦਦ ਦੀ ਲੋੜ ਹੈ ਤਾਂ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਤੇ ਸਮਾਜ ਸੇਵੀ ਮਨਕੀਰਤ ਔਲਖ ਨੇ ਇਨਸਾਨੀਅਤ ਭਰਿਆ ਕਦਮ ਚੁੱਕਿਆ ਹੈ | ਮਨਕੀਰਤ ਆਪਣੀ ਟੀਮ ਸਮੇਤ ਫ਼ਿਰੋਜ਼ਪੁਰ ਪਹੁੰਚੇ ਤੇ ਹੜ੍ਹ ਪੀੜਤ ਇਲਾਕਿਆਂ ਲਈ 10 ਟਰੈਕਟਰ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਕਾਰ ਸੇਵਾ ਵਾਲਿਆਂ ਨੂੰ ਸੌਂਪੇ | ਅੱਜ ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਇਹ ਸੇਵਾ ਉਹ ਸਿਰਫ਼ ਆਪਣੇ ਪੱਧਰ 'ਤੇ ਨਹੀਂ, ਸਗੋਂ ਕੈਨੇਡਾ ਤੇ ਅਮਰੀਕਾ ਵੱਸਦੇ ਆਪਣੇ ਸਾਥੀਆਂ ਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਕੁੱਲ 200 ਟਰੈਕਟਰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਵਿਚੋਂ 100 ਟਰੈਕਟਰ ਉਹ ਆਪਣੇ ਵਲੋਂ ਤੇ 100 ਟਰੈਕਟਰ ਉਨ੍ਹਾਂ ਦੇ ਵਿਦੇਸ਼ ਵੱਸਦੇ ਸਾਥੀਆਂ ਵਲੋਂ ਉਪਲਬਧ ਕਰਵਾਏ ਜਾਣਗੇ | ਇਹ ਟਰੈਕਟਰ ਖ਼ਾਸ ਤੌਰ 'ਤੇ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਵਿਚੋਂ ਮਿੱਟੀ ਤੇ ਰੇਤਾ ਕੱਢਣ ਲਈ ਵਰਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਹੜ੍ਹ ਨੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਖੇਤੀਯੋਗ ਨਹੀਂ ਛੱਡਿਆ, ਜਿਸ ਕਾਰਨ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਲਈ ਮੁਸ਼ਕਲ ਵਿਚ ਹਨ | ਇਹ ਟਰੈਕਟਰ ਉਨ੍ਹਾਂ ਲਈ ਮਦਦਗਾਰ ਸਾਬਤ ਹੋਣਗੇ ਤਾਂ ਜੋ ਉਹ ਆਪਣੀ ਜ਼ਮੀਨ ਨੂੰ ਮੁੜ ਤਿਆਰ ਕਰ ਸਕਣ ਤੇ ਆਪਣਾ ਜੀਵਨ ਪੱਧਰ ਬਹਾਲ ਕਰ ਸਕਣ | ਉਨ੍ਹਾਂ ਆਖਿਆ ਕਿ ਟੀਮ ਨੇ ਹੁਣ ਇਹ ਫ਼ੈਸਲਾ ਲਿਆ ਹੈ ਕਿ ਸਾਰੇ ਟਰੈਕਟਰ ਸਿੱਧੇ ਕਾਰ ਸੇਵਾ ਵਾਲੇ ਬਾਬਿਆਂ ਦੇ ਸਪੁਰਦ ਕੀਤੇ ਜਾਣਗੇ,ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਉੱਥੋਂ ਟਰੈਕਟਰ ਲੈ ਕੇ ਆਪਣੀ ਜ਼ਮੀਨ ਲਈ ਵਰਤ ਸਕੇ | ਮਨਕੀਰਤ ਨੇ ਇਹ ਵੀ ਦੱਸਿਆ ਕਿ ਅਗਲੇ ਦਿਨਾਂ ਵਿਚ ਹੋਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਪਛਾਣ ਕਰਕੇ ਉਥੇ ਕਾਰ ਸੇਵਾ ਵਾਲੇ ਬਾਬਿਆਂ ਅਤੇ ਪਿੰਡ ਪੱਧਰੀ ਸੁਸਾਇਟੀਆਂ ਨੂੰ ਵੀ ਟਰੈਕਟਰ ਦਿੱਤੇ ਜਾਣਗੇ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹੜ੍ਹ ਦੀ ਮਾਰ ਖਾਧੇ ਹਰੇਕ ਕਿਸਾਨ ਤੱਕ ਇਹ ਮਦਦ ਪਹੁੰਚੇ ਤੇ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ |

ਪਿਛਲੀ ਖ਼ਬਰ ਸ਼ਹਿਰ ਦੀਆਂ ਸੜਕਾਂ 'ਤੇ ਪੈਚ ਲਗਾਉਣ 'ਚ ਹੋਏ ਘੁਟਾਲੇ ਨੇ ਕੁਝ ਦਿਨਾਂ 'ਚ ਖੋਲ੍ਹੀ ਘਟੀਆ ਮਟੀਰੀਅਲ ਦੀ ਪੋਲ ਅਗਲੀ ਖ਼ਬਰ 120 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।