ਫ਼ਿਰੋਜ਼ਪੁਰ, 21 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਫ਼ਰਜ਼ੀ ਕਲਰਕ ਭਰਤੀ ਦੋਸ਼ਾਂ ਦੇ ਮਾਮਲੇ 'ਚ ਨਾਮਜ਼ਦ ਕੈਂਟ ਬੋਰਡ ਦੇ ਦੋ ਵੱਡੇ ਅਫ਼ਸਰਾਂ ਸਮੇਤ ਤਿੰਨ ਨੂੰ ਦੋਸ਼ ਮੁਕਤ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਨੀਤ ਸੂਦ ਵਾਸੀ ਫ਼ਿਰੋਜ਼ਪੁਰ ਛਾਉਣੀ ਵਲੋਂ ਕਰੀਬ ਸੱਤ ਸਾਲ ਪਹਿਲਾ ਦਾਇਰ ਫ਼ੌਜਦਾਰੀ ਇਸਤਗਾਸੇ 'ਚ ਅਦਾਲਤ ਨੂੰ ਦੱਸਿਆ ਕਿ ਕੈਂਟ ਬੋਰਡ ਦੇ ਅਧਿਕਾਰੀਆਂ ਨੇ ਮਿਲੀਭੁਗਤ ਕਰਦੇ ਹੋਏ ਕਲਰਕ ਭਰਤੀ 'ਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਫਰਜ਼ੀਵਾੜਾ ਕੀਤਾ ਹੈ ਤੇ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਪਟੀਸ਼ਨ ਵੀ ਦਾਇਰ ਕੀਤੀ ਸੀ | ਇਸ ਇਸਤਗਾਸੇ 'ਚ ਮੁੱਦਈ ਨੇ ਦਸਤਾਵੇਜ਼ਾਂ ਸਹਿਤ ਆਪਣੇ ਪੱਖ 'ਚ ਗਵਾਹੀ ਵੀ ਕਰਵਾਈ ਸੀ | ਦੋਸ਼ ਆਇਦ ਕਰਨ ਮੌਕੇ ਦੋਹਾਂ ਧਿਰਾਂ ਦੀ ਦਲੀਲ ਸੁਣਨ ਉਪਰੰਤ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਮੈਡਮ ਹਰਪ੍ਰੀਤ ਕੌਰ ਦੀ ਅਦਾਲਤ ਨੇ ਨਾਮਜ਼ਦ ਸਤੀਸ਼ ਕੁਮਾਰ ਅਰੋੜਾ ਐੱਸ.ਡੀ.ਈ. ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਕੈਂਟ, ਪੂਜਾ ਰਾਣੀ ਪੁੱਤਰੀ ਰਮੇਸ਼ ਕੁਮਾਰ ਕਲਰਕ ਕੈਂਟ ਬੋਰਡ ਫ਼ਿਰੋਜ਼ਪੁਰ ਤੇ ਜੀ.ਵਿਜੈ ਭਾਸਕਰ ਤਤਕਾਲੀ ਸੀ.ਈ.ਓ. ਕੈਂਟ ਬੋਰਡ ਫ਼ਿਰੋਜ਼ਪੁਰ ਹੁਣ ਤਾਇਨਾਤ ਡਾਇਰੈਕਟਰ ਦਫ਼ਤਰ ਕੈਬਨਿਟ ਸਕੱਤਰ ਨਵੀਂ ਦਿੱਲੀ ਨੂੰ ਦੋਸ਼ ਮੁਕਤ ਕਰ ਦਿੱਤਾ |