ਜਨ ਸੇਵਾ ਸੁਸਾਇਟੀ ਨੇ ਹੜ੍ਹ ਪੀੜਤ ਬੱਚਿਆਂ ਦੀ ਫ਼ੀਸ ਅਦਾ ਕੀਤੀ
ਅਜੀਤ ਡੈਸਕ
17-10-2025
ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੁਸਾਇਟੀ ਸਮਾਜ ਦੇ ਹਿਤ 'ਚ ਅਨੇਕਾਂ ਕੰਮ ਕਰ ਰਹੀ ਹੈ | ਪਿਛਲੇ ਦਿਨੀਂ ਹੜ੍ਹਾਂ ਕਾਰਨ ਕਈ ਪਿੰਡ ਇਸ ਦੀ ਲਪੇਟ 'ਚ ਆ ਗਏ ਸਨ ਅਤੇ ਹੜ੍ਹ ਪੀੜਤਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਸੀ | ਜਨ ਸੇਵਾ ਸੁਸਾਇਟੀ ਵਲੋਂ ਹੜ੍ਹ ਪੀੜਤ ਪਿੰਡਾਂ ਦੇ ਬੱਚੇ ਜੋ ਵੱਖ-ਵੱਖ ਸਕੂਲਾਂ ਵਿਚ ਦਸਵੀਂ ਤੇ ਬਾਰ੍ਹਵੀਂ ਜਮਾਤ 'ਚ ਪੜ੍ਹ ਰਹੇ ਸਨ, ਉਨ੍ਹਾਂ ਦੀ ਫ਼ੀਸ ਅਦਾ ਕੀਤੀ ਗਈ | ਸਰਪ੍ਰਸਤ ਰਤਨ ਗਰੋਵਰ ਤੇ ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਮੁਹਾਰ ਸੋਨਾ ਸਕੂਲ, ਓਡੀਆ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ, ਸਰਕਾਰੀ ਹਾਈ ਸਕੂਲ ਆਸਿਫ਼ਵਾਲਾ ਦੇ ਕੁੱਲ 19 ਬੱਚਿਆਂ ਦੀ 35380 ਫ਼ੀਸ ਦੇ ਚੈੱਕ ਸਕੂਲ ਦੇ ਮੁਖੀਆਂ ਤੇ ਸਟਾਫ਼ ਮੈਂਬਰਾਂ ਨੂੰ ਸੌਂਪੇ ਗਏ | ਸੀਨੀਅਰ ਉਪ ਪ੍ਰਧਾਨ ਸੰਦੀਪ ਸਚਦੇਵਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਪਹਿਲਾਂ 100 ਕਿੱਟ ਰਾਸ਼ਨ, ਤਰਪਾਲਾਂ ਪਸ਼ੂਆਂ ਲਈ ਫੀਡ ਬੈਗ ਭੇਟ ਕੀਤੇ ਜਾ ਚੁੱਕੇ ਹਨ | ਇਸ ਮੌਕੇ ਅਹੁਦੇਦਾਰ ਆਕਾਸ਼ ਡੋਡਾ, ਰਾਜੀਵ ਕੁੱਕੜ ਤੇ ਮੁਹਾਰ ਸੋਨਾ ਸਕੂਲ ਦੇ ਪਿ੍ੰਸੀਪਲ ਸੰਜੀਵ ਕੰਬੋਜ, ਸਾਬੂਆਨਾ ਸਕੂਲ ਤੋਂ ਸੰਜੀਵ ਮੋਗਾ ਮੌਜੂਦ ਰਹੇ |
ਲਾਹਣ ਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ
ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਤੇ ਖੂਈ ਖੇੜਾ ਪੁਲਿਸ ਨੇ ਲਾਹਣ ਤੇ ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਗੁਰਦੇਵ ਰਾਜ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਲਾਭ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੰਧਵਾਲਾ ਹਾਜ਼ਰ ਖਾਂ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ ਜਿਸ ਦੇ ਘਰ ਛਾਪੇਮਾਰੀ ਕਰਕੇ 200 ਲੀਟਰ ਲਾਹਣ ਬਰਾਮਦ ਕੀਤੀ ਗਈ | ਜਾਂਚ ਅਧਿਕਾਰੀ ਹੌਲਦਾਰ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜ ਸਿੰਘ ਉਰਫ਼ ਰਾਜੂ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਪੱਤਰੇ ਵਾਲਾ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦਿ ਹੈ ਜੋ ਅੱਜ ਵੀ ਨਾਜਾਇਜ਼ ਸ਼ਰਾਬ ਵੇਚਣ ਲਈ ਦਾਣਾ ਮੰਡੀ ਘੱਲੂ ਆਇਆ ਹੈ | ਪੁਲਿਸ ਨੇ ਛਾਪੇਮਾਰੀ ਕਰਕੇ ਉਸ ਨੂੰ 24 ਬੋਤਲਾਂ 'ਤੇ ਇੱਕ 180 ਐਮ ਐਲ ਪਊਏ ਸਮੇਤ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |