ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)- ਹਾਲ ਹੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂੰ ਨੇ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਨਿਵਾਸ ਸਥਾਨ 'ਤੇ ਜਾ ਕੇ ਮੁਲਾਕਾਤ ਕੀਤੀ | ਇਸ ਮੌਕੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ | ਇਸ ਮੁਲਾਕਾਤ ਦੌਰਾਨ ਦੋਹਾਂ ਆਗੂਆਂ ਵਿਚਾਲੇ ਪਾਰਟੀ ਦੀ ਚੜ੍ਹਦੀਕਲਾ ਤੇ ਫ਼ਿਰੋਜ਼ਪੁਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਸ਼ਹਿਰੀ, ਦਿਹਾਤੀ, ਗੁਰੂਹਰਸਹਾਏ ਤੇ ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਗੰਭੀਰ ਵਿਚਾਰ ਚਰਚਾ ਹੋਈ | ਹਲਕਿਆਂ ਵਿਚ ਪਾਰਟੀ ਦਾ ਥੋੜੇ੍ਹ ਸਮੇਂ ਵਿਚ ਵਾਧੂ ਪ੍ਰਭਾਵ ਬਣਾਉਣ ਲਈ ਨੀਤੀਆਂ ਤੇ ਯੋਜਨਾਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਵਲੋਂ ਸੁਖਪਾਲ ਸਿੰਘ ਨੰਨੂੰ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ, ਬੁਲਾਰੇ ਦਿਲਬਾਗ ਸਿੰਘ ਵਿਰਕ, ਬੂਟਾ ਸਿੰਘ ਭੁੱਲਰ ਸਤੀਏਵਾਲਾ, ਭੁਪਿੰਦਰ ਸਿੰਘ ਫਰੀਦੇਵਾਲਾ, ਬਲਕਾਰ ਸਿੰਘ ਢਿੱਲੋਂ, ਰੇਸ਼ਮ ਸਿੰਘ ਭੁੱਲਰ ਨੰਬਰਦਾਰ, ਜੋਗਾ ਸਿੰਘ ਮੁਰਕਵਾਲਾ, ਗੁਰਨਾਮ ਸਿੰਘ ਸੈਦੇ ਕੇ ਰੁਹੇਲਾ, ਨਿਰਮਲ ਸਿੰਘ ਢਿੱਲੋਂ ਸੁਰ ਸਿੰਘ ਵਾਲਾ, ਰਣਜੀਤ ਸਿੰਘ ਸੰਧੂ, ਸਾਬਕਾ ਕੌਂਸਲਰ ਬੇਅੰਤ ਸਿੰਘ ਆਦਿ ਮੌਜੂਦ ਸਨ |