ਮੱਖੂ, 16 ਅਕਤੂਬਰ (ਵਰਿੰਦਰ ਮਨਚੰਦਾ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਮੁੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ 'ਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਸਮੇਤ ਝੋਨੇ ਦੇ ਖ਼ਰੀਦ ਪ੍ਰਬੰਧਾਂ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਮਾਰਕੀਟ ਕਮੇਟੀ ਮੱਖੂ ਅਧੀਨ ਪੈਂਦੀਆਂ ਦਾਣਾ ਮੰਡੀਆਂ, ਖ਼ਰੀਦ ਕੇਂਦਰਾਂ ਦਾ ਦੌਰਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦਾ ਦਾਣਾ-ਦਾਣਾ ਸਰਕਾਰ ਖ਼ਰੀਦੇਗੀ | ਚੇਅਰਮੈਨ ਵਰਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਮਾਰਕੀਟ ਕਮੇਟੀ ਮੱਖੂ ਦੀ ਮੇਨ ਦਾਣਾ ਮੰਡੀ ਤੇ ਖ਼ਰੀਦ ਕੇਂਦਰਾਂ 'ਚ ਹੁਣ ਤੱਕ ਕੁੱਲ 2 ਲੱਖ 11 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚ ਪਨਗਰੇਨ ਵਲੋਂ 52 ਹਜ਼ਾਰ ਕੁਇੰਟਲ, ਮਾਰਕਫੈੱਡ ਵਲੋਂ 67 ਹਜ਼ਾਰ ਕੁਇੰਟਲ, ਪਨਸਪ ਵਲੋਂ 56 ਹਜ਼ਾਰ ਕੁਇੰਟਲ ਤੇ ਪੰਜਾਬ ਵੇਅਰ ਹਾਊਸ ਵਲੋਂ 36 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ ਵਿਚੋਂ ਮਾਰਕਫੈੱਡ ਵਲੋਂ ਖ਼ਰੀਦੇ ਗਏ ਝੋਨੇ ਵਿਚੋਂ 11500 ਕੁਇੰਟਲ, ਪਨਸਪ ਵਲੋਂ ਖ਼ਰੀਦੇ ਗਏ 15500 ਕੁਇੰਟਲ, ਪਨਗਰੇਨ ਵਲੋਂ ਖ਼ਰੀਦੇ ਗਏ 7 ਹਜ਼ਾਰ ਕੁਇੰਟਲ, ਵੇਅਰ ਹਾਊਸ ਵਲੋਂ ਖ਼ਰੀਦੇ ਗਏ 8500 ਕੁਇੰਟਲ ਝੋਨੇ ਦੀ ਲਿਫ਼ਟਿੰਗ ਮੰਡੀਆਂ ਵਿਚੋਂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਖ਼ਰੀਦੇ ਗਏ ਝੋਨੇ ਦੀ ਫ਼ਸਲ ਦਾ ਭੁਗਤਾਨ ਵੀ ਸਮੇਂ ਸਿਰ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ | ਇਸ ਮੌਕੇ ਗੁਰਪਾਲ ਸਿੰਘ ਸ਼ੀਹਾਪਾੜੀ, ਸੈਕਟਰੀ ਰਜਿੰਦਰ ਕੁਮਾਰ, ਮਨਪ੍ਰੀਤ ਸਿੰਘ, ਹੀਰਾ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ |