ਗੁਰੂਹਰਸਹਾਏ, 16 ਅਕਤੂਬਰ (ਹਰਚਰਨ ਸਿੰਘ ਸੰਧੂ)- ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਬਲਾਕ ਖੇਤੀਬਾੜੀ ਦਫਤਰ ਗੁਰੂਹਰਸਹਾਏ ਵਲੋਂ ਜਿੱਥੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਕਈ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਨਾਲ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਛੋਟੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਪੰਜ ਏਕੜ ਤੋਂ ਘੱਟ ਹੈ, ਨੂੰ ਬੇਲਰ ਮੁਹੱਈਆ ਕਰਵਾਏ ਜਾ ਰਹੇ ਹਨ | ਖੇਤੀਬਾੜੀ ਵਿਭਾਗ ਗੁਰੂਹਰਸਹਾਏ ਵਲੋਂ ਗੁਰੂਹਰਸਹਾਏ ਦੇ ਨਾਲ ਲੱਗਦੇ ਬਸਤੀ ਕੇਸਰ ਸਿੰਘ ਵਾਲੀ ਦੇ ਕਿਸਾਨ ਰਣਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਜਿਨ੍ਹਾਂ ਦੀ ਮਾਲਕੀ ਚਾਰ ਏਕੜ ਹੈ ਉਹਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਬੇਲਰ ਮਾਲਕ ਨਾਲ ਤਾਲਮੇਲ ਕਰਵਾ ਕੇ ਪਰਾਲੀ ਦੀਆਂ ਗੱਠਾਂ ਬਣਵਾਈਆਂ ਗਈਆਂ | ਇਸ ਸਮੇਂ ਹਾਜ਼ਰ ਰਹੇ ਖੇਤੀਬਾੜੀ ਅਧਿਕਾਰੀ ਅਮਨਦੀਪ ਸਿੰਘ ਸੰਧੂ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਫ਼ੀਲਡ 'ਚ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੇ ਨਾਲ-ਨਾਲ ਅਜਿਹਾ ਉਪਰਾਲਾ ਕਰਕੇ ਵੀ ਛੋਟੇ, ਸੀਮਤ ਕਿਸਾਨਾਂ ਦੀ ਸਹੂਲਤ ਲਈ ਮਦਦ ਕੀਤੀ ਜਾ ਰਹੀ ਹੈ |