07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਨਗਰ ਕੌਂਸਲ ਨੇ ਪੁਰਾਣੀ ਕਚਹਿਰੀ ਰੋਡ 'ਤੇ ਦੁਕਾਨਾਂ ਮੂਹਰੇ ਛੱਡਿਆ ਸੀਵਰੇਜ ਦਾ ਗੰਦਾ ਪਾਣੀ

ਅਜੀਤ ਡੈਸਕ 18-10-2025
ਜ਼ੀਰਾ, 17 ਅਕਤੂਬਰ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਜ਼ੀਰਾ ਨੇ ਪੁਰਾਣੀ ਕਚਹਿਰੀ ਰੋਡ ਜ਼ੀਰਾ ਦੇ ਦੁਕਾਨਦਾਰਾਂ ਨੂੰ ਸਰਪ੍ਰਾਈਜ਼ ਦਿੰਦਿਆਂ ਦੁਕਾਨਾਂ ਅੱਗੇ ਸੀਵਰੇਜ ਦਾ ਪਾਣੀ ਛੱਡ ਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਪਦਾ ਹੈ | ਪੁਰਾਣੀ ਕਚਹਿਰੀ ਰੋਡ ਜ਼ੀਰਾ ਦੇ ਦੁਕਾਨਦਾਰਾਂ ਰਮਨ ਕੁਮਾਰ, ਦਵਿੰਦਰ ਕੁਮਾਰ ਉਰਫ਼ ਸ਼ੈਂਕੀ, ਬਿੱਲਾ ਫੋਟੋ ਸਟੇਟ ਵਾਲੇ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਜ਼ੀਰਾ ਦੇ ਕਰਮਚਾਰੀ ਅੱਜ ਸਵੇਰ ਤੋਂ ਸ਼ਹੀਦ ਭਗਤ ਸਿੰਘ ਕੰਪਲੈਕਸ ਦੇ ਨੇੜੇ ਸੀਵਰੇਜ ਦੇ ਮੇਨ ਹੋਲ਼ ਵਿਚੋਂ ਸੀਵਰੇਜ ਦਾ ਪਾਣੀ ਪਾਈਪ ਨਾਲ ਕੱਢ ਕੇ ਪੁਰਾਣੀ ਕਚਹਿਰੀ ਦੀ ਖਾਲੀ ਪਈ ਜਗ੍ਹਾ 'ਚ ਬਣੇ ਟੋਏ ਵਿਚ ਪਾ ਰਹੇ ਹਨ ਜਿਸ ਦੀ ਬਦਬੂ ਫੈਲਣ ਕਰਕੇ ਰੈੱਡ ਕਰਾਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਵਿਰੋਧਤਾ ਕਰਨ 'ਤੇ ਉਨ੍ਹਾਂ ਨੇ ਸੀਵਰੇਜ ਦੇ ਪਾਣੀ ਵਾਲੀ ਪਾਈਪ ਖੁੱਲ੍ਹੀ ਛੱਡ ਦਿੱਤੀ ਤੇ ਪਾਣੀ ਫੈਲਣ ਕਰਕੇ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਆ ਕੇ ਜਮ੍ਹਾਂ ਹੋ ਗਿਆ ਜਿਸ ਕਾਰਨ ਰਸਤਾ ਬੰਦ ਹੋਣ ਦੇ ਨਾਲ-ਨਾਲ ਸੀਵਰੇਜ ਦੇ ਪਾਣੀ ਦੀ ਬਹੁਤ ਹੀ ਗੰਦੀ ਬਦਬੂ ਫੈਲ ਰਹੀ ਹੈ | ਉਹਨਾਂ ਹੋਰ ਦੱਸਿਆ ਕਿ ਦੁਕਾਨਾਂ ਅੱਗੇ ਸੀਵਰੇਜ ਦਾ ਦੂਸ਼ਿਤ ਪਾਣੀ ਜਮਾ ਹੋਣ ਕਰਕੇ ਉਨ੍ਹਾਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੇ ਆਉਣ ਦੀ ਗੱਲ ਤਾਂ ਦੂਰ ਬਲਕਿ ਉਹਨਾਂ ਨੂੰ ਆਪਣੀਆਂ ਦੁਕਾਨਾਂ 'ਤੇ ਬੈਠਣਾ ਵੀ ਮੁਸ਼ਕਿਲ ਹੋ ਗਿਆ ਹੈ | ਉਹਨਾਂ ਦੱਸਿਆ ਕਿ ਵਿਰੋਧਤਾ ਕਰਨ 'ਤੇ ਸੀਵਰੇਜ ਦੀ ਸਫ਼ਾਈ ਕਰ ਰਹੇ ਕਰਮਚਾਰੀਆਂ ਨੇ ਪਾਈਪ ਦਾ ਮੂੰਹ ਹੋਰ ਪਾਸੇ ਮੋੜ ਦਿੱਤਾ ਪਰ ਇਸ ਦੇ ਬਾਵਜੂਦ ਉਹਨਾਂ ਦੀਆਂ ਦੁਕਾਨਾਂ ਅੱਗੇ ਜਮ੍ਹਾ ਹੋਇਆ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਵਰਨਣਯੋਗ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਆਮ ਲੋਕਾਂ ਨੂੰ ਮੱਛਰ ਨਾਲ ਪੈਦਾ ਹੋਣ ਵਾਲੇ ਡੇਂਗੂ ਮਲੇਰੀਏ ਤੇ ਤੇ ਹੋਰ ਬਿਮਾਰੀਆਂ ਫੈਲਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਤੇ ਦੂਸਰੇ ਪਾਸੇ ਨਗਰ ਕੌਂਸਲ ਜ਼ੀਰਾ ਖ਼ੁਦ ਹੀ ਬਿਮਾਰੀਆਂ ਫੈਲਾਉਣ ਵਿਚ ਆਪਣੀ ਭੂਮਿਕਾ ਨਿਭਾਅ ਰਹੀ ਹੈ | ਇਸ ਸੰਬੰਧੀ ਜਦੋਂ ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਇਹ ਹੋ ਹੀ ਨਹੀਂ ਸਕਦਾ ਪਰ ਜਦੋਂ ਪ੍ਰਤੀਨਿਧੀ ਨੇ ਦੁਕਾਨਾਂ ਅੱਗੇ ਜਮ੍ਹਾ ਹੋਏ ਸੀਵਰੇਜ ਦੇ ਪਾਣੀ ਦੀਆਂ ਫ਼ੋਟੋਆਂ ਹੋਣ ਦੀ ਦਲੀਲ ਦਿੱਤੀ ਤਾਂ ਉਹਨਾਂ ਕਿਹਾ ਕਿ ਇਸ ਸੰਬੰਧ ਵਿਚ ਮੈਂ ਸਵੇਰੇ ਹੀ ਸਫ਼ਾਈ ਬਰਾਂਚ ਵਿਚੋਂ ਪਤਾ ਕਰਵਾ ਕੇ ਬਣਦੀ ਕਾਰਵਾਈ ਕਰਦਾ ਹਾਂ |
ਪਿਛਲੀ ਖ਼ਬਰ ਕਿਸਾਨਾਂ ਨੇ ਮੱਲਾਂਵਾਲਾ ਵਿਖੇ ਕੱਢਿਆ ਝੰਡਾ ਮਾਰਚ ਅਗਲੀ ਖ਼ਬਰ 2 ਪਿਸਤੌਲ, 1 ਦੇਸੀ ਕੱਟਾ, 8 ਰੌਂਦਾਂ ਸਮੇਤ ਇਕ ਵਿਅਕਤੀ ਪੁਲਿਸ ਵਲੋਂ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।