ਮੱਲਾਂਵਾਲਾ, 17 ਅਕਤੂਬਰ (ਬਲਬੀਰ ਸਿੰਘ ਜੋਸਨ/ਸੁਰਜਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਮੱਲਾਂਵਾਲਾ ਦੇ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ, ਮੀਤ ਪ੍ਰਧਾਨ ਮੱਸਾ ਸਿੰਘ ਦੀ ਅਗਵਾਈ 'ਚ 25 ਪਿੰਡਾਂ ਤੋਂ ਆਏ ਕਿਸਾਨਾਂ ਨੇ ਪਿੰਡ ਆਸਿਫ਼ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣਾ ਸਾਡਾ ਕੋਈ ਸ਼ੌਕ ਨਹੀਂ ਹੈ | ਅਸੀਂ ਪਰਾਲੀ ਦੀ ਸਾਂਭ ਸੰਭਾਲ ਲਈ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਤੋਂ ਬੋਨਸ ਦੀ ਮੰਗ ਕਰ ਰਹੇ ਹਾਂ ਕਿ ਜਾਂ ਸਾਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਾਂ ਫਿਰ 7 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ | ਕਿਸਾਨਾਂ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਦੀ ਹੜ੍ਹਾਂ ਦੇ ਪਾਣੀ ਨੇ 5 ਲੱਖ ਏਕੜ ਫ਼ਸਲ ਖ਼ਤਮ ਕਰ ਦਿੱਤੀ ਹੈ ਤੇ ਬਾਕੀ ਬੇ ਮੌਸਮੀ ਬਰਸਾਤ ਤੇ ਝੱਖੜ ਨਾਲ ਨੁਕਸਾਨੇ ਝੋਨੇ ਦੀ ਫ਼ਸਲ ਬਹੁਤ ਘੱਟ ਝਾੜ ਦੇ ਰਹੀ ਹੈ | ਆਗੂਆਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਡੀ.ਏ.ਪੀ. ਖਾਦ ਲੈਣ ਵਿਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ | ਦੁਕਾਨਦਾਰ ਖਾਦ ਨਾਲ ਬੇਲੋੜਾ ਸਾਮਾਨ ਦੇ ਕੇ ਕਿਸਾਨਾਂ 'ਤੇ ਬੋਝ ਪਾ ਰਹੇ ਹਨ | ਇਹਨਾਂ ਮਸਲਿਆਂ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਨੇ ਕਸਬਾ ਮੱਲਾਂਵਾਲਾ ਤੇ ਪਿੰਡਾਂ ਵਿਚ ਝੰਡਾ ਮਾਰਚ ਕੱਢਿਆ ਗਿਆ | ਕਿਸਾਨ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੇ ਇਹਨਾਂ ਮਸਲਿਆਂ ਦਾ ਹੱਲ ਕੀਤਾ ਜਾਵੇ ਤੇ ਕਿਸਾਨ 'ਤੇ ਕਿਸੇ ਤਰ੍ਹਾਂ ਪਰਚਾ ਜਾਂ ਗਿ੍ਫ਼ਤਾਰ ਕੀਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਰਣਜੀਤ ਸਿੰਘ, ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ, ਜ਼ਿਲ੍ਹਾ ਆਗੂ ਹਰਫੂਲ ਸਿੰਘ, ਬਚਿੱਤਰ ਸਿੰਘ, ਸਲਵਿੰਦਰ ਸਿੰਘ, ਸਾਹਿਬ ਸਿੰਘ ਜ਼ੋਨ ਖ਼ਜ਼ਾਨਚੀ, ਗੁਰਮੁੱਖ ਸਿੰਘ ਪੈੱ੍ਰਸ ਸਕੱਤਰ, ਹਰਦੀਪ ਸਿੰਘ ਆਦਿ ਹਾਜ਼ਰ ਸਨ |